ਉੱਤਰ ਪ੍ਰਦੇਸ਼ – ਕਾਨਪੁਰ ‘ਚ ਪਰਫਿਊਮ ਵਪਾਰੀ ਪੀਯੂਸ਼ ਜੈਨ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ ਹੈ ਤੇ ਇਸ ਛਾਪੇਮਾਰੀ ਦੌਰਾਨ ਕਈ ਵੱਡੇ ਖੁਲਾਸੇ ਹੋਏ ਹਨ। ਦਰਅਸਲ ਕਾਰੋਬਾਰੀ ਕੋਲ ਇੰਨੀ ਨਕਦੀ ਮਿਲੀ ਹੈ ਕਿ ਹੁਣ ਤੱਕ ਨੋਟਾਂ ਦੀ ਗਿਣਤੀ ਪੂਰੀ ਨਹੀਂ ਹੋ ਸਕੀ ਹੈ। ਇਨਕਮ ਟੈਕਸ ਵਿਭਾਗ ਨੂੰ ਜੈਨ ਦੇ ਘਰ ਦੀਆਂ ਕਈ ਅਲਮਾਰੀਆਂ ਨੋਟਾਂ ਨਾਲ ਭਰੀਆਂ ਮਿਲੀਆਂ ਹਨ।

ਇਨ੍ਹਾਂ ਨੋਟਾਂ ਦੀ ਗਿਣਤੀ ਕਰਨ ਲਈ 8 ਮਸ਼ੀਨਾਂ ਲਗਾਈਆਂ ਗਈਆਂ ਹਨ ਪਰ ਅਜੇ ਤੱਕ ਗਿਣਤੀ ਪੂਰੀ ਨਹੀਂ ਹੋਈ ਹੈ। ਇਸ ਦੌਰਾਨ ਡੀਜੀਜੀਆਈ ਦੀ ਟੀਮ ਕਾਰੋਬਾਰੀ ਪਿਯੂਸ਼ ਜੈਨ ਦੇ ਬੇਟੇ ਪ੍ਰਤਿਊਸ਼ ਜੈਨ ਨੂੰ ਪੁੱਛਗਿੱਛ ਲਈ ਦੂਜੀ ਥਾਂ ਲੈ ਗਈ ਹੈ। ਵੀਰਵਾਰ ਨੂੰ GST ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ ਯਾਨੀ DGGI ਅਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਕਨੌਜ ਦੇ ਪਰਫਿਊਮ ਵਪਾਰੀ ਪਿਯੂਸ਼ ਜੈਨ ਦੇ ਘਰ ਛਾਪਾ ਮਾਰਿਆ ਸੀ। ਇਸ ਦੌਰਾਨ ਅਲਮਾਰੀਆਂ ਵਿਚ ਇੰਨੇ ਪੈਸੇ ਪਾਏ ਗਏ ਕਿ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਈਆਂ ਗਈਆਂ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਦੇ ਚੇਅਰਮੈਨ ਵਿਵੇਕ ਜੌਹਰੀ ਨੇ ਦੱਸਿਆ ਕਿ ਹੁਣ ਤੱਕ ਕਰੀਬ 150 ਕਰੋੜ ਰੁਪਏ ਜ਼ਬਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨੋਟਾਂ ਦੀ ਗਿਣਤੀ ਅਜੇ ਜਾਰੀ ਹੈ।

ਇਸ ਛਾਪੇਮਾਰੀ ਨੂੰ 24 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਘਰ ਦੇ ਅੰਦਰ ਟੀਮ ਨੋਟ ਗਿਣਨ ਦਾ ਕੰਮ ਕਰ ਰਹੀ ਹੈ। ਵੀਰਵਾਰ ਨੂੰ 6 ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਈਆਂ ਗਈਆਂ ਪਰ ਨੋਟਾਂ ਦੇ ਇੰਨੇ ਬੰਡਲ ਹਨ ਕਿ ਮਸ਼ੀਨਾਂ ਘੱਟ ਗਈਆਂ। ਇਸ ਤੋਂ ਬਾਅਦ ਦੋ ਹੋਰ ਮਸ਼ੀਨਾਂ ਮੰਗਵਾਈਆਂ ਗਈਆਂ। 8 ਮਸ਼ੀਨਾਂ ਦੀ ਮਦਦ ਨਾਲ ਟੀਮ ਨੋਟਾਂ ਦੀ ਗਿਣਤੀ ਦਾ ਕੰਮ ਕਰ ਰਹੀ ਹੈ ਪਰ ਗਿਣਤੀ ਅਜੇ ਵੀ ਜਾਰੀ ਹੈ। ਛਾਪੇਮਾਰੀ ਦੌਰਾਨ ਪੀਯੂਸ਼ ਜੈਨ ਦੇ ਘਰ ਦੇ ਬਾਹਰ ਹੁਣ ਤੱਕ ਨੋਟਾਂ ਨਾਲ ਭਰੇ 6 ਬਕਸੇ ਰੱਖੇ ਹਨ। ਸਟੀਲ ਦੇ ਇਨ੍ਹਾਂ ਸਾਰੇ ਵੱਡੇ ਬਕਸਿਆਂ ‘ਚ ਨੋਟ ਭਰਨ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੀ ਟੀਮ ਇਨ੍ਹਾਂ ਨੂੰ ਆਪਣੇ ਨਾਲ ਲੈ ਕੇ ਜਾਵੇਗੀ।

ਪੀਏਸੀ ਨੂੰ ਵੀ ਨੋਟ ਲਿਜਾਣ ਲਈ ਬੁਲਾਇਆ ਗਿਆ ਹੈ। ਛਾਪੇਮਾਰੀ ਦੀ ਕਾਰਵਾਈ ਅਜੇ ਵੀ ਜਾਰੀ ਹੈ। ਜੀਐਸਟੀ ਇੰਟੈਲੀਜੈਂਸ ਦੀ ਅਹਿਮਦਾਬਾਦ ਯੂਨਿਟ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ ‘ਚ ਏਜੰਸੀ ਨੇ ਕਿਹਾ ਕਿ ਘਰ ‘ਤੇ ਛਾਪੇਮਾਰੀ ਦੌਰਾਨ ਨੋਟਾਂ ਦੇ ਬੰਡਲ ਬਰਾਮਦ ਕੀਤੇ ਗਏ ਹਨ। ਕਾਨਪੁਰ ਦੇ ਐਸਬੀਆਈ ਬੈਂਕ ਦੇ ਅਧਿਕਾਰੀਆਂ ਦੀ ਮਦਦ ਨਾਲ ਗਿਣਤੀ ਕੀਤੀ ਜਾ ਰਹੀ ਹੈ। ਏਜੰਸੀ ਨੇ ਅੰਦਾਜ਼ਾ ਲਗਾਇਆ ਹੈ ਕਿ ਬਰਾਮਦ ਕੀਤੀ ਗਈ ਨਕਦੀ 150 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਏਜੰਸੀ ਹੁਣ ਇਸ ਨਕਦੀ ਨੂੰ ਜ਼ਬਤ ਕਰਨ ਦੀ ਤਿਆਰੀ ਕਰ ਰਹੀ ਹੈ।