ਕਿਸਾਨਾਂ ਵਲੋਂ ਕੀਤੇ ਸੰਘਰਸ਼ ਤੋਂ ਬਾਅਦ ਕੇਂਦਰ ਵਲੋਂ ਵਾਪਸ ਲਏ ਗਏ ਖੇਤੀ ਕਾਨੂੰਨਾਂ ‘ਤੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਹੈਰਾਨ ਕਰਨ ਵਾਲਾ ਬਿਆਨ ਦਿਤਾ ਹੈ। ਦੱਸ ਦੇਈਏ ਕਿ ਤੋਮਰ ਮਹਾਰਾਸ਼ਟਰ ਦੇ ਨਾਗਪੁਰ ‘ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ ਜਿਥੇ ਉਨ੍ਹਾਂ ਨੇ ਖੇਤੀ ਕਾਨੂੰਨ ਬਾਬਤ ਕਿਹਾ ਕਿ ਖੇਤੀਬਾੜੀ ਐਕਟ ਆਜ਼ਾਦੀ ਦੇ 70 ਸਾਲਾਂ ਬਾਅਦ ਲਿਆਂਦਾ ਗਿਆ ਸਭ ਤੋਂ ਵੱਡਾ ਸੁਧਾਰ ਹੈ।
ਪਰ ਕੁਝ ਲੋਕਾਂ ਦੇ ਵਿਰੋਧ ਤੋਂ ਬਾਅਦ ਇਸ ਨੂੰ ਵਾਪਸ ਲੈਣਾ ਪਿਆ। ਉਨ੍ਹਾਂ ਨੇ ਅੱਗੇ ਕਿਹਾ, ”ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸਨ ਪਰ ਕੁਝ ਲੋਕਾਂ ਨੂੰ ਰਾਸ ਨਹੀਂ ਆਏ। ਆਜ਼ਾਦੀ ਦੇ 70 ਸਾਲਾਂ ਵਿਚ ਇਹ ਸਭ ਤੋਂ ਵੱਡਾ ਸੁਧਾਰ ਸੀ। ਸਰਕਾਰ ਨਰਾਜ਼ ਨਹੀਂ ਹੈ। ਅਸੀਂ ਇਕ ਕਦਮ ਪਿੱਛੇ ਹਟੇ ਹਾਂ ਫਿਰ ਅੱਗੇ ਵਧਾਂਗੇ ਕਿਉਂਕਿ ਹਿੰਦੋਸਤਾਨ ਦੇ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ।”
ਦੱਸਣਯੋਗ ਹੈ ਕਿ ਨਵੰਬਰ 2021 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਸੰਸਦ ਵਿੱਚ ਕਾਨੂੰਨ ਨੂੰ ਵਾਪਸ ਲੈਣ ਤੋਂ ਬਾਅਦ, ਰਾਸ਼ਟਰਪਤੀ ਨੇ 1 ਦਸੰਬਰ ਨੂੰ ਆਪਣੀ ਅੰਤਿਮ ਮਨਜ਼ੂਰੀ ਦਿੱਤੀ। ਇਸ ਨੂੰ ਪੰਜਾਬ ਅਤੇ ਉੱਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਸਰਕਾਰ ਦੀ ਵੱਡੀ ਬਾਜ਼ੀ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 17 ਸਤੰਬਰ 2020 ਨੂੰ ਲਾਗੂ ਕੀਤੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ‘ਤੇ ਇੱਕ ਸਾਲ ਲੰਬੇ ਅੰਦੋਲਨ ਵਿੱਚ 700 ਕਿਸਾਨਾਂ ਨੇ ਆਪਣੀ ਜਾਨ ਗੁਆ ਦਿੱਤੀ , ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਲੰਬਾ ਕਿਸਾਨ ਅੰਦੋਲਨ ਸ਼ੁਰੂ ਹੋਇਆ। ਪੰਜਾਬ ਤੋਂ ਧੁੰਦਲੀ ਲਹਿਰ ਦੀ ਚੰਗਿਆੜੀ ਪੂਰੇ ਦੇਸ਼ ਵਿਚ ਫੈਲ ਗਈ ਸੀ।
ਦਿੱਲੀ ਚਲੋ’ ਮੁਹਿੰਮ ਦੇ ਹਿੱਸੇ ਵਜੋਂ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕੀਤਾ। ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਅਤੇ ਦੇਸ਼ ਦੇ ਹੋਰ ਰਾਜਾਂ ਦੇ ਕਿਸਾਨਾਂ ਨੇ 378 ਦਿਨਾਂ ਤੋਂ ਦਿੱਲੀ ਨੂੰ ਘੇਰਾ ਪਾਇਆ ਹੋਇਆ ਸੀ। ਆਖਰ ਕਿਸਾਨਾਂ ਦਾ ਸੰਘਰਸ਼ ਰੰਗ ਲਿਆਇਆ ਅਤੇ ਇਹ ਕਾਨੂੰਨ ਕੇਂਦਰ ਵਲੋਂ ਵਾਪਸ ਲੈ ਲਏ ਗਏ।