ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਆਪਣੇ ਬਿੰਦਾਸ ਅੰਦਾਜ਼ ਲਈ ਜਾਣੇ ਜਾਂਦੇ ਹਨ। ਅਦਾਕਾਰ ਦਾ ਸੈਂਸ ਆਫ ਹਿਊਮਰ ਕਾਫੀ ਤਗੜਾ ਹੈ ਤੇ ਉਹ ਇਸ ਨਾਲ ਪ੍ਰਸ਼ੰਸਕਾਂ ਨੂੰ ਇੰਪ੍ਰੈੱਸ ਵੀ ਕਰਦੇ ਰਹਿੰਦੇ ਹਨ। ਹੁਣ ਹਿਊਮਰ ਦੀ ਗੱਲ ਹੋਵੇ ਤੇ ਕਪਿਲ ਸ਼ਰਮਾ ਦਾ ਜ਼ਿਕਰ ਨਾ ਹੋਵੇ, ਅਜਿਹਾ ਕਿਵੇਂ ਹੋ ਸਕਦਾ ਹੈ ਤੇ ਜੇਕਰ ਇਹ ਦੋਵੇਂ ਕਲਾਕਾਰ ਇਕੱਠੇ ਕਿਸੇ ਸਟੇਜ ’ਤੇ ਹੋਣ, ਉਦੋਂ ਤਾਂ ਸੋਨੇ ’ਤੇ ਸੁਹਾਗਾ ਹੋ ਜਾਂਦਾ ਹੈ।

ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋਂ ‘ਅਤਰੰਗੀ ਰੇ’ ਦੀ ਪ੍ਰਮੋਸ਼ਨ ਕਰਨ ਅਕਸ਼ੇ ਕੁਮਾਰ ਕਪਿਲ ਸ਼ਰਮਾ ਦੇ ਸ਼ੋਅ ’ਚ ਪਹੁੰਚੇ। ਇਸ ਦੌਰਾਨ ਅਕਸ਼ੇ ਨੇ ਕਪਿਲ ਦੇ ਸਵਾਲ ਪੁੱਛਣ ਦੇ ਲਹਿਜ਼ੇ ’ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਪਰ ਕਪਿਲ ਵੀ ਕਿਥੇ ਪਿੱਛੇ ਰਹਿਣ ਵਾਲੇ ਸਨ। ਉਨ੍ਹਾਂ ਨੇ ਅਕਸ਼ੇ ਨੂੰ ਯਾਦ ਦਿਵਾਇਆ ਕਿ ਜਦੋਂ ਉਨ੍ਹਾਂ ਨੇ ਇਕ ਵੱਡੇ ਨੇਤਾ ਦਾ ਇੰਟਰਵਿਊ ਲਿਆ ਸੀ, ਉਦੋਂ ਵੀ ਇੰਝ ਹੀ ਸਵਾਲ ਕੀਤੇ ਸਨ।

ਇਹ ਵੀਡੀਓ ਟਵਿਟਰ ’ਤੇ ਸਾਹਮਣੇ ਆਈ ਹੈ, ਜੋ ਕਪਿਲ ਸ਼ਰਮਾ ਦੇ ਸ਼ੋਅ ਦੀ ਹੈ। ਇਸ ’ਚ ‘ਅਤਰੰਗੀ ਰੇ’ ਦੀ ਪ੍ਰਮੋਸ਼ਨ ਕਰਨ ਲਈ ਅਕਸ਼ੇ ਕੁਮਾਰ, ਸਾਰਾ ਅਲੀ ਖ਼ਾਨ ਤੇ ਆਨੰਦ ਐੱਲ. ਰਾਏ ਸ਼ਾਮਲ ਹੁੰਦੇ ਹਨ। ਗੱਲਬਾਤ ਦੌਰਾਨ ਅਕਸ਼ੇ ਤੋਂ ਕਪਿਲ ਕੋਈ ਸਵਾਲ ਪੁੱਛਦੇ ਹਨ ਪਰ ਅਕਸ਼ੇ ਜਵਾਬ ਦੇਣ ਦੇ ਮੂਡ ’ਚ ਨਜ਼ਰ ਨਹੀਂ ਆਉਂਦੇ।

ਉਹ ਕਪਿਲ ਦੇ ਸਵਾਲ ਪੁੱਛਣ ’ਤੇ ਕਹਿੰਦੇ ਹਨ ਕਿ ਇਹ ਕਿਸ ਤਰ੍ਹਾਂ ਦੇ ਸਵਾਲ ਪੁੱਛ ਰਹੇ ਹੋ। ਕੀ ਬੱਚੇ ਪੁੱਛ ਰਹੇ ਸਨ, ਅਰਚਨਾ ਜੀ ਨੇ ਪੁੱਛਿਆ ਹੈ। ਇਸ ਵਿਚਾਲੇ ਅਕਸ਼ੇ ਦੀ ਗੱਲ ਕੱਟਦਿਆਂ ਕਪਿਲ ਕਹਿੰਦੇ ਹਨ, ‘ਤੁਸੀਂ ਵੀ ਇਕ ਬਹੁਤ ਵੱਡੇ ਰਾਜਨੇਤਾ ਦਾ ਇੰਟਰਵਿਊ ਲਿਆ ਸੀ। ਮੈਂ ਨਾਂ ਨਹੀਂ ਲਵਾਂਗਾ ਪਰ ਤੁਸੀਂ ਉਨ੍ਹਾਂ ਕੋਲੋਂ ਇਹ ਪੁੱਛਿਆ ਸੀ ਕਿ ਤੁਹਾਡੇ ਡਰਾਈਵਰ ਦਾ ਲੜਕਾ ਕਹਿ ਰਿਹਾ ਸੀ ਕਿ ਤੁਸੀਂ ਅੰਬ ਚੂਸ ਕੇ ਖਾਂਦੇ ਹੋ।’


ਜਿਵੇਂ ਹੀ ਕਪਿਲ ਸ਼ਰਮਾ ਇਹ ਗੱਲ ਕਹਿੰਦੇ ਹਨ ਤੇ ਰਾਜਨੇਤਾ ਦਾ ਨਾਂ ਨਹੀਂ ਲੈਂਦੇ, ਉਂਝ ਹੀ ਅਕਸ਼ੇ ਨੂੰ ਕਾਊਂਟਰ ਕਰਨ ਦਾ ਮੌਕਾ ਮਿਲ ਜਾਂਦਾ ਹੈ। ਉਹ ਕਪਿਲ ਕੋਲੋਂ ਉਸ ਰਾਜਨੇਤਾ ਦਾ ਨਾਂ ਲੈਣ ਲਈ ਕਹਿੰਦੇ ਹਨ ਪਰ ਕਪਿਲ ਨਾਂ ਲੈਣ ਤੋਂ ਮਨ੍ਹਾ ਕਰ ਦਿੰਦੇ ਹਨ।