ਇਕ ਖਾਸ ਫਿਰਕੇ ਦੀਆਂ ਮਹਿਲਾਵਾਂ ਦੀ ਬੋਲੀ ਲਾਉਣ ਵਾਲੇ ਐਪ ‘ਬੁਲੀ ਬਾਈ’ ਕੇਸ ’ਚ ਦਿੱਲੀ ਪੁਲੀਸ ਨੇ ਅਸਾਮ ਦੇ ਜੋਰਹਾਟ ਤੋਂ ਇੰਜਨੀਅਰਿੰਗ ਦੇ ਦੂਜੇ ਵਰ੍ਹੇ ਦੇ ਵਿਦਿਆਰਥੀ ਨੀਰਜ ਬਿਸ਼ਨੋਈ (21) ਨੂੰ ਗ੍ਰਿਫ਼ਤਾਰ ਕੀਤਾ ਹੈ। ਐਪ ਮਾਮਲੇ ’ਚ ਇਹ ਚੌਥਾ ਵਿਅਕਤੀ ਫੜਿਆ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਬਿਸ਼ਨੋਈ ਕੇਸ ਦਾ ਮੁੱਖ ਸਾਜ਼ਿਸ਼ਕਾਰ ਹੈ ਅਤੇ ਉਸ ਨੂੰ ਦਿੱਲੀ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋਰਹਾਟ ਵਾਸੀ ਬਿਸ਼ਨੋਈ ਭੁਪਾਲ ’ਚ ਪੜ੍ਹਦਾ ਹੈ ਅਤੇ ਉਸ ਨੇ ਹੀ ਗਿਟਹੱਬ ’ਤੇ ‘ਬੁਲੀ ਬਾਈ’ ਐਪ ਬਣਾਇਆ ਸੀ ਅਤੇ ਟਵਿੱਟਰ ’ਤੇ ਉਸ ਦੀ ਦੇਖ-ਰੇਖ ਹੇਠ ‘ਬੁਲੀ ਬਾਈ’ ਚਲਾਇਆ ਜਾ ਰਿਹਾ ਸੀ। ਉਸ ਨੂੰ ਦਿੱਲੀ ਪੁਲੀਸ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਅਪਰੇਸ਼ਨਜ਼ (ਆਈਐੱਫਐੱਸਓ) ਇਕਾਈ ਨੇ ਗ੍ਰਿਫ਼ਤਾਰ ਕੀਤਾ ਹੈ। ਆਈਐੱਫਐੱਸਓ ਦੇ ਡੀਸੀਪੀ ਕੇ ਪੀ ਐੱਸ ਮਲਹੋਤਰਾ ਨੇ ਕਿਹਾ ਕਿ ਪੂਰੀ ਤਹਿਕੀਕਾਤ ਮਗਰੋਂ ਮੁਲਜ਼ਮ ਨੂੰ ਵੀਰਵਾਰ ਸਵੇਰੇ ਜੋਰਹਾਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਡੀਸੀਪੀ ਨੇ ਕਿਹਾ ਕਿ ਬਿਸ਼ਨੋਈ ਭੁਪਾਲ ਦੇ ਵੈਲੋਰ ਇੰਸਟੀਚਿਊਟ ਆਫ਼ ਟੈਕਨਾਲੋਜੀ ’ਚ ਬੀਟੈੱਕ ਦੂਜੇ ਵਰ੍ਹੇ ਦਾ ਵਿਦਿਆਰਥੀ ਹੈ। ਉਧਰ ਅਸਾਮ ਪੁਲੀਸ ਨੇ ਕਿਹਾ ਕਿ ਦਿੱਲੀ ਪੁਲੀਸ ਦੀ ਟੀਮ ਬੁੱਧਵਾਰ ਸਵੇਰੇ ਜੋਰਹਾਟ ਪੁੱਜੀ ਸੀ ਅਤੇ ਸ਼ਾਮ ਤੱਕ ਮੁਲਜ਼ਮ ਦੇ ਟਿਕਾਣੇ ਦਾ ਪਤਾ ਲਾ ਲਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਫੜਨ ਦਾ ਅਪਰੇਸ਼ਨ ਕਰੀਬ 12 ਘੰਟਿਆਂ ’ਚ ਮੁਕੰਮਲ ਕਰ ਲਿਆ ਗਿਆ ਸੀ।
ਬੁੱਲੀ ਬਾਈ ਐਪ (‘Bulli Bai’ App ) ਦੀ ਜਾਂਚ ਵਿੱਚ ਜੁਟੀ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। GitHub ‘ਤੇ ਬੁੱਲੀ ਬਾਈ ਐਪ ਬਣਾਉਣ ਵਾਲੇ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬੁੱਲੀ ਬਾਈ ਐਪ ਬਣਾਉਣ ਵਾਲੇ ਮੁੱਖ ਦੋਸ਼ੀ ਨੀਰਜ ਬਿਸ਼ਨੋਈ (Neeraj Bishnoi ) ਨੂੰ ਦਿੱਲੀ ਪੁਲਿਸ ਦੀ IFSO ਯੂਨਿਟ ਨੇ ਅਸਾਮ ਤੋਂ ਗ੍ਰਿਫਤਾਰ ਕੀਤਾ ਹੈ।
ਕੇਪੀਐਸ ਮਲਹੋਤਰਾ ਦੀ ਟੀਮ ਨੇ ਅਸਾਮ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਹੈ ਮੁੱਖ ਦੋਸ਼ੀ ,ਜਿਸ ਨੇ github ਤੋਂ ਬੁੱਲੀ ਬਾਈ ਐਪ ਬਣਾਈ ਸੀ। ਇਸ ਐਪ ‘ਤੇ ਮੁਸਲਿਮ ਔਰਤਾਂ ਨੂੰ ਉਨ੍ਹਾਂ ਦੀ ਬੋਲੀ ਤੱਕ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਇਨਪੁਟ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਅਸਾਮ ਪਹੁੰਚ ਗਈ ਸੀ, ਜਿੱਥੋਂ ਬੁੱਲੀ ਬਾਈ ਬਣਾਉਣ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਦਾ ਨਾਂ ਨੀਰਜ ਬਿਸ਼ਨੋਈ (Neeraj Bishnoi ) ਹੈ। ਉਸ ਦੀ ਉਮਰ 21 ਸਾਲ ਦੱਸੀ ਗਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ ਸਨ। ਇਸ ਵਿੱਚ ਸ਼ਵੇਤਾ ਸਿੰਘ, ਵਿਸ਼ਾਲ ਕੁਮਾਰ ਅਤੇ ਮਯੰਕ ਰਾਵਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ਵੇਤਾ ਸਿੰਘ ਨੂੰ ਉਤਰਾਖੰਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਉਹ 21 ਸਾਲ ਦੀ ਹੈ।
ਜ਼ਿਕਰਯੋਗ ਹੈ ਕਿ ‘ਬੁਲੀ ਬਾਈ’ ਐਪ ਉਤੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਬਿਨਾਂ ਇਜਾਜ਼ਤ ਅਪਲੋਡ ਕੀਤੀਆਂ ਗਈਆਂ ਸਨ ਤੇ ਇਨ੍ਹਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ।