ਮਾਨਸਾ, 12 ਜਨਵਰੀ, 2022: ਨਾਮਵਰ ਗਾਇਕ ਅਤੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਵਿੱਚ ਸ਼ਾਮਲ ਕਰਵਾਏ ਗਏ ਸਿੱਧੂ ਮੂਸੇਵਾਲਾ ਨੂੰ ਰਾਜਨੀਤਕ ਪਿੜ ਵਿੱਚ ਵੀ ਵਿਵਾਦਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜ਼ਿਲ੍ਹੇ ਦੇ ਯੂਥ ਕਾਂਗਰਸ ਆਗੂ ਅਤੇ ਪਾਰਟੀ ਟਿਕਟ ਦੇ ਚਾਹਵਾਨ ਚੁਸਪਿੰਦਰ ਚਾਹਲ ਵੱਲੋਂ ਸਿੱਧੂ ਮੂਸੇਵਾਲਾ ਨੂੰ ‘ਡੋਪ ਟੈਸਟ’ ਕਰਾਉਣ ਦੀ ਦਿੱਤੀ ਗਈ ਚੁਣੌਤੀ ਤੋਂ ਨਾ ਕੇਵਲ ਸਿੱਧੂ ਮੂਸੇਵਾਲਾ ਭੱਜਦੇ ਨਜ਼ਰ ਆ ਰਹੇ ਹਨ, ਸਗੋਂ ਉਨ੍ਹਾਂ ਵੱਲੋਂ ਦਿੱਤੇ ਜਵਾਬ ਕਾਰਨ ਉਹ ਆਪ ਹੀ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ।

ਆਪਣੀ ਕਾਂਗਰਸ ਵਿੱਚ ਸ਼ਮੂਲੀਅਤ ਦੇ ਦਿਨ ਹੀ ਦਿੱਲੀ ਪੁੱਜ ਕੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਕਰਕੇ ਅਤੇ ਸ: ਚੰਨੀ ਤੇ ਸ: ਸਿੱਧੂ ਦਾ ਸਾਂਝਾ ਸਮਰਥਨ ਪ੍ਰਾਪਤ ਹੋਣ ਕਾਰਨ ਮਾਨਸਾ ਤੋਂ ਪਾਰਟੀ ਦੇ ਲਗਪਗ ਪੱਕੇ ਸਮਝੇ ਜਾ ਰਹੇ ਅਤੇ ਇਸ ਇਲਾਕੇ ਵਿੱਚ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਚੁੱਕੇ ਸਿੱਧੂ ਮੂਸੇਵਾਲਾ ਨੂੰ ਪਹਿਲੇ ਦਿਨ ਤੋਂ ਹੀ ਹਲਕੇ ਦੇ ‘ਟਕਸਾਲੀ ਕਾਂਗਰਸੀਆਂ’ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਲਕੇ ਦੇ ਗਾਗੋਵਾਲ ਪਰਿਵਾਰ ਅਤੇ ਯੂਥ ਕਾਂਗਰਸ ਆਗੂ ਚੁਸਪਿੰਦਰ ਚਾਹਲ ਵੱਲੋਂ ਇਸ ਹਲਕੇ ਦੀ ਟਿਕਟ ’ਤੇ ਆਪਣਾ ਹੱਕ ਜਤਾਉਂਦੇ ਹੋਏ ਸਿੱਧੂ ਮੁੂਸੇਵਾਲਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੱਥੋਂ ਤਕ ਕਿ ਚੁਸਪਿੰਦਰ ਚਾਹਲ ਵੱਲੋਂ ਹਲਕੇ ਵਿੱਚ ਕੀਤੇ ਇਕ ਭਰਵੇਂ ਇਕੱਠ ਵਿੱਚ ਪੁੱਜੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ: ਬਰਿੰਦਰ ਸਿੰਘ ਢਿੱਲੋਂ ਨੇ ਸਿੱਧੇ ਤੌਰ ’ਤੇ ਚੁਸਪਿੰਦਰ ਚਾਹਲ ਦੀ ਪਿੱਠ ਥਾਪੜਦਿਆਂ ਇਹ ਐਲਾਨ ਕਰ ਦਿੱਤਾ ਸੀ ਕਿ ਕਿਸੇ ਬਾਹਰੀ ਵਿਅਕਤੀ ਨੂੰ ਹਲਕੇ ਦੇ ਕਾਂਗਰਸੀ ਆਗੂਆਂ ਦੇ ਹੱਕ ’ਤੇ ਡਾਕਾ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਸ ਤੋਂ ਬਾਅਦ ਬੀਤੇ ਦਿਨੀਂ ਹੀ ਕਿਸਾਨ ਆਗੂ, ਕਿਸਾਨ ਮੋਰਚੇ ਦੇ ਇਕ ਪ੍ਰਮੁੱਖ ਚਿਹਰੇ ਅਤੇ ਸੰਯੁਕਤ ਸਮਾਜ ਮੋਰਚੇ ਦੇ ਨੇਤਾ ਸ: ਰੁਲਦੂ ਸਿੰਘ ਮਾਨਸਾ ਵੀ ਨੇ ਵੀ ਐਲਾਨ ਕਰ ਦਿੱਤਾ ਸੀ ਕਿ ਉਹ ਮਾਨਸਾ ਤੋਂ ਚੋਣ ਲੜਨਗੇ।

ਸਿੱਧੂ ਮੂਸੇਵਾਲਾ ਦਾ ਚੁਸਪਿੰਦਰ ਚਾਹਲ ਨਾਲ ਤਾਜ਼ਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦ ਚੁਸਪਿੰਦਰ ਚਾਹਲ ਨੇ ਕੁਝ ਦੋਸ਼ ਲਗਾਉਂਦਿਆਂ ਸਿੱਧੂ ਮੂਸੇਵਾਲਾ ਦੇ ਸਾਹਮਣੇ ‘ਚੈਲੰਜ’ ਪੇਸ਼ ਕੀਤਾ ਕਿ ਉਹ ਖ਼ੁਦ ਅਤੇ ਸਿੱਧੂ ਮੂਸੇਵਾਲਾ ‘ਡੋਪ ਟੈੱਸਟ’ ਕਰਵਾਉਣ ਅਤੇ ਜਿਹੜਾ ‘ਪਾਜ਼ਿਟਿਵ’ ਪਾਇਆ ਗਿਆ, ਉਹ ਘਰ ਬਹਿ ਜਾਵੇ ਅਤੇ ਦੂਜੇ ਨੂੰ ਜਨਤਾ ਦੀ ਸੇਵਾ ਦਾ ਮੌਕਾ ਦੇਵੇ।

ਚੁਸਪਿੰਦਰ ਚਾਹਲ ਦੇ ਦੋਸ਼ ਅਤੇ ਬੜੀ ਹੀ ਸਪਸ਼ਟ ਚੁਣੌਤੀ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਜੋ ਬਿਆਨ ਸਾਹਮਣੇ ਆਇਆ ਹੈ, ਉਹ ਮੂਸੇਵਾਲਾ ਦੀ ਇਸ ਮਾਮਲੇ ਵਿੱਚ ਸਥਿਤੀ ਨੂੰ ਸਪਸ਼ਤਟ ਕਰਨ ਦੀ ਜਗ੍ਹਾ ਹੋਰ ਉਲਝਾ ਗਿਆ ਹੈ।

ਚਾਹਲ ਦੇ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਮੂਸੇਵਾਲਾ ਨੇ ਕਿਹਾ ਕਿ ਮੇਰੇ ਕੋਲ ਡੋਪ ਟੈਸਟ ਕਰਵਾਉਣ ਦਾ ਸਮਾਂ ਨਹੀਂ ਹੈ। ਇਸ ਦੇ ਨਾਲ ਹੀ ਮੂਸੇਵਾਲਾ ਨੇ ਆਖ਼ਿਆ ਕਿ ‘ਮੈਂ ਕੋਈ ਦੁੱਧ ਦਾ ਧੋਤਾ ਵੀ ਨਹੀਂ ਹਾਂ, ਕਮੀਆਂ ਹਰ ਇਕ ਵਿੱਚ ਹੁੰਦੀਆਂ ਹਨ। ਉਹਨਾਂ ਆਖ਼ਿਆ ਕਿ ਜਿਹੜੀਆਂ ਮਾੜੀਆਂ ਚੀਜ਼ਾਂ ਹਨ, ਜਿਹੜੀ ‘ਨੈਗੈਟਿਵਿਟੀ’ ਹੈ, ਉਸਨੂੰ ‘ਇਗਨੋਰ’ ਕਰਨਾ ਜ਼ਰੂਰੀ ਹੈ। ਉਹਨਾਂ ਆਖ਼ਿਆ ਕਿ ਹਜ਼ਾਰ ਬੰਦਾ ਮੇਰੇ ਬਾਰੇ ਹਜ਼ਾਰ ਗੱਲਾਂ ਕਰਦੈ, ਹੁਣ ਮੈਂ ਸਾਰੀਆਂ ਗੱਲਾਂ ਦਾ ਜਵਾਬ ਦੇਵਾਂਗਾ।