ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ, ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਆਪਣੀ ਮੌਜੂਦਾ ਸੀਟ ਡੇਰਾ ਬਾਬਾ ਨਾਨਕ ਤੋਂ ਚੋਣ ਲੜਨਗੇ।ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅੰਮ੍ਰਿਤਸਰ ਸੈਂਟਰਲ ਤੋਂ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਤੋਂ ਉਮੀਦਵਾਰ ਹੋਣਗੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮਾਨਸਾ ਤੋਂ ਅਤੇ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਮੋਗਾ ਤੋਂ ਕਾਂਗਰਸ ਉਮੀਦਵਾਰ ਹਨ।
ਪੰਜਾਬ ‘ਚ 14 ਫਰਵਰੀ 2022 ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਿਚਕਾਰ ਅੱਜ ਸ਼ਨੀਵਾਰ ਨੂੰ ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਆਪਣੀ ਪਹਿਲੀ ਸੂਚੀ ਜਾਰੀ ਕਰਦਿਆਂ ਵੱਖ-ਵੱਖ ਸੂਬੀਆਂ ਤੋਂ 86 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ 86 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਮਾਨਸਾ ਤੋਂ ਸਿੱਧੂ ਮੂਸੇਵਾਲਾ ਨੂੰ ਟਿਕਟ ਦੇ ਕੇ ਕਾਂਗਰਸ ਨੇ ਵੱਡਾ ਸ਼ਸ਼ੋਪੰਜ ਖ਼ਤਮ ਕਰ ਦਿੱਤਾ ਹੈ। ਦਰਅਸਲ ਮਾਨਸਾ ਹਲਕੇ ਤੋਂ ਕਈ ਉਮੀਦਵਾਰਾਂ ਇਸ ਟਿਕਟ ਨੂੰ ਲੈ ਕੇ ਲੜਾਈ ਚੱਲ ਰਹੀ ਸੀ। ਜਿਸ ਵਿਚਾਲੇ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਤੋਂ ਬਾਗੀ ਹੁੰਦੇ ਵੀ ਦਿਖਈ ਦਿੱਤੇ ਸਨ ਪਰ ਅੱਜ ਜਾਰੀ ਹੋਈ ਸੂਚੀ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਮੋਹਰ ਲੱਗ ਚੁੱਕੀ ਹੈ।
ਟਿਕਟ ਮਿਲਣ ‘ਤੇ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਦੁਆਵਾਂ ਕਾਰਨ ਹੀ ਉਨ੍ਹਾਂ ਨੂੰ ਟਿਕਟ ਮਿਲੀ ਹੈ, ਲੋਕਾਂ ਦੇ ਆਸ਼ੀਰਵਾਦ ਨਾਲ ਉਹ ਜਿੱਤ ਵੀ ਪ੍ਰਾਪਤ ਕਰਨਗੇ ਅਤੇ ਹਲਕੇ ਦਾ ਵਿਕਾਸ ਕਰਨਗੇ। ਸਿੱਧੂ ਨੇ ਕਿਹਾ ਕਿ ਮੇਰੇ ਹਰ ਕੰਮ ਵਿੱਚ ਅੜਚਣਾਂ ਆਉਂਦੀਆਂ ਹਨ ਪਰ ਮੈਨੂੰ ਇਸਦੀ ਆਦਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੇਰਾ ਕੋਈ ਕੰਮ ਸ਼ਾਂਤੀ ਨਾਲ ਨਹੀਂ ਹੁੰਦਾ, ਆਪਣੇ ਤਾਂ ਸਾਰੇ ਕੰਮ ਇਸੇ ਤਰ੍ਹਾਂ ਖੜਕੇ ਦੜਕੇ ਨਾਲ ਸਿਰੇ ਚੜ੍ਹਦੇ ਹਨ।