ਮਗਦੂਨੀਆਂ ਰਾਹੀਂ ਜੋ ਡੌਕੀ ਲਗ ਰਹੀ ਹੈ ਯੂਰਪ ਦੀ ਉਥੇ ਕੁਝ ਪੰਜਾਬੀ ਏਜੰਟ ਅਫਗਾਨਿਸਤਾਨ ਦੇ ਡੌਕਰਾਂ ਨੂੰ ਆਪਣੇ ਵੱਲੋਂ ਬੁਲਾਏ ਮੁੰਡਿਆਂ ਦੀਆਂ ਫੋਟੋ ਦੇਕੇ ਉਹਨਾਂ ਨੂੰ ਚੁਕਵਾ ਰਹੇ ਨੇ।ਜੋ ਕੁੜੀਆਂ ਜਾ ਰਹੀਆਂ ਨੇ ਉਹਨਾਂ ਨੂੰ ਵੱਖ ਕਰ ਲਿਆ ਜਾਂਦਾ ਹੈ ਤੇ ਉਹਨਾਂ ਨਾਲ ਦੁਰਵਿਹਾਰ ਤੇ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ ਵੀਹ ਵੀਹ ਦਿਨ ਕੋਲ ਰੱਖ ਫਿਰ ਅੱਗੇ ਭੇਜਿਆ ਜਾ ਰਿਹਾ ਹੈ। ਬੇਨਤੀ ਹੈ ਕਿ ਅਸੀਂ ਇਹ ਨਹੀ ਕਹਿੰਦੇ ਕਿ ਆਪਣੇ ਬੱਚੇ ਬਾਹਰ ਨਾ ਭੇਜੋ ਜਰੂਰ ਭੇਜੋ ਪਰ ਏਜੰਟ ਕੋਈ ਚੰਗਾ ਲੱਭਕੇ ਕਿਉਂਕਿ ਰਸਤੇ ਵਿਚ ਕਰੀਬ ਤਿੰਨ ਮੁੰਡੇ ਲਾਪਤਾ ਨੇ ਤੁਰਕੀ ਗਰੀਸ ਵਾਲੀ ਨਹਿਰ ਪਾਰ ਕਰਦਿਆਂ।ਜੋ ਖਾਸਕਰ ਮਗਦੂਨੀਆਂ ਵੱਲ ਦੀ ਜਾ ਰਹੇ ਉਹਨਾਂ ਨਾਲ ਜਾਨਵਰਾਂ ਤੋਂ ਵੀ ਭੈੜਾ ਸਲੂਕ ਕੀਤਾ ਜਾ ਰਿਹਾ ਹੈ।ਉਹਨਾਂ ਦੀ ਕੁੱਟਮਾਰ ਕਰਕੇ ਹੋਰ ਪੈਸੇ ਮੰਗਵਾਏ ਜਾ ਰਹੇ ਨੇ ਤੇ ਇਹ ਮਿਲੀ ਭੁਗਤ ਹੈ ਏਜੰਟਾਂ ਤੇ ਉਥੇ ਬੈਠੇ ਡੌਕਰਾਂ ਦੀ।ਵੀਡੀਓ ਹੋਰ ਵੀ ਸੀ ਪਰ ਉਹ ਸ਼ੋਸ਼ਲ ਤੇ ਨਹੀ ਪਾਈ ਜਾ ਸਕਦੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸੇਫ ਰਸਤੇ ਭੇਜਣ ਦੀ ਕੋਸ਼ਿਸ਼ ਕਰੋ।

ਪੰਜਾਬ ਦੇ ਨੌਜਵਾਨਾਂ ਅੰਦਰ ਵਿਦੇਸ਼ ਦੀ ਧਰਤੀ ’ਤੇ ਜਾ ਕੇ ਵਸਣ ਦੀ ਲਾਲਸਾ ਘਟਣ ਦੀ ਬਜਾਏ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਭਾਵੇਂ ਸਮੇਂ ਸਮੇਂ ਕਈ ਦੁਖਦਾਈ ਹਾਦਸੇ ਵੀ ਵਾਪਰੇ, ਜਿਵੇਂ ਕਿ 25 ਦਸੰਬਰ 1996 ਦਾ ਮਾਲਟਾ ਕਾਂਡ। (ਮਾਲਟਾ ਕਾਂਡ ਵਿੱਚ 300 ਗੱਭਰੂ ਸਮੁੰਦਰ ਦੀ ਭੇਟ ਚੜ੍ਹ ਗਏ ਸਨ। ਇਨ੍ਹਾਂ ਵਿੱਚੋਂ 170 ਭਾਰਤੀ ਪੰਜਾਬ ਦੇ ਅਤੇ 40 ਪਾਕਿਸਤਾਨੀ ਪੰਜਾਬ ਦੇ ਸਨ ਅਤੇ 90 ਸ੍ਰੀਲੰਕਾ ਦੇ ਵਾਸੀ ਸਨ।) 21 ਅਪ੍ਰੈਲ 2002 ਦੇ ਤੁਰਕੀ ਦੁਖਾਂਤ ਵਿਚ 30 ਪੰਜਾਬੀ ਨੌਜਵਾਨਾਂ ਨੂੰ ਕਿਸ਼ਤੀ ਲੈ ਡੁੱਬੀ ਸੀ। ਫਿਰ ਵੀ ਗੈਰ ਕਾਨੂੰਨੀ ਏਜੰਟਾਂ ਦਾ ਇਹ ਗੋਰਖ ਧੰਦਾ ਥੰਮ੍ਹਣ ਦਾ ਨਾਮ ਨਹੀਂ ਲੈ ਰਿਹਾ।

ਕਿੰਨੇ ਹੀ ਅਜਿਹੇ ਹਾਦਸੇ ਹਰ ਰੋਜ਼ ਵਾਪਰ ਰਹੇ ਹਨ, ਜੋ ਸਾਡੇ ਸਾਹਮਣੇ ਨਹੀਂ ਆਉਂਦੇ। ਇਸ ਵਿੱਚ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਵੀ ਦੋਸ਼ੀ ਹਨ। ਪੰਜਾਬ ਹੁਣ ਇਸ ਕੰਮ ਦਾ ਹੱਬ ਬਣ ਚੁੱਕਿਆ ਹੈ। ਮਾਂਝਾ ਅਤੇ ਦੁਆਬੇ ਦੇ ਨੌਜਵਾਨ ਅਜਿਹੇ ਗਲਤ ਤਰੀਕੇ ਵਰਤਕੇ ਵਿਦੇਸ਼ ਪਹੁੰਚਣ ਦੀ ਤਾਂਘ ਵਿੱਚ ਰਹਿੰਦੇ ਹਨ।

ਹੁਣ 10 ਜਨਵਰੀ 2016 ਨੂੰ ਅਮਰੀਕਾ ਗੈਰ ਕਾਨੂੰਨੀ ਢੰਗ ਨਾਲ ਜਾ ਰਹੇ 21 ਨੌਜਵਾਨਾਂ ਦੀ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿੱਚ 20 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਨ੍ਹਾਂ ਦੀਆਂ ਲਾਸ਼ਾਂ ਵੀ ਹਾਲੇ ਤੱਕ ਨਹੀਂ ਮਿਲੀਆਂ। ਇਹਨਾਂ ਨੇ ਏਜੰਟਾਂ ਨੂੰ 45 ਲੱਖ ਰੁਪਏ ਦੀ ਮੋਟੀ ਰਕਮ ਦੇ ਕੇ ਆਪਣੀ ਜਾਨ ਨੂੰ ਜੋਖਮ ਵਿਚ ਪਾਈ। ਕੁਝ ਨੌਜਵਾਨ ਮੈਕਸੀਕੋ ਦੇ ਜੰਗਲਾਂ ਵਿੱਚ ਅਮਰੀਕਾ ਜਾਣ ਦੀ ਤਾਂਘ ਵਿੱਚ ਰੁਲ ਰਹੇ ਹਨ।

ਵਿਦੇਸ਼ ਜਾ ਕੇ ਉੱਥੋਂ ਡਾਲਰਾਂ/ਪੌਂਡਾਂ ਦੇ ਝੋਲ਼ੇ ਭਰਨ ਦਾ ਫੋਕਾ ਸੁਪਨਾ ਸਾਡੇ ਨੌਜਵਾਨ ਦਿਲ ਵਿਚ ਸਮੋਈ ਬੈਠੇ ਹਨ। ਉਹ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਦੀ ਧਰਤੀ ’ਤੇ ਪਹੁੰਚਣ ਦੀਆਂ ਤਰਕੀਬਾਂ ਹਰ ਵਕਤ ਘੜਦੇ ਰਹਿੰਦੇ ਹਨ। ਨਿੱਤ ਦਿਨ ਖੁੰਬਾਂ ਵਾਂਗ ਉੱਗ ਰਹੇ ਕੱਚਘਰੜ ਖੁਦਗਰਜ਼ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਇਹ ਨੌਜਵਾਨ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਕਿਸੇ ਵੀ ਜਾਇਜ਼-ਨਜਾਇਜ਼ ਤਰੀਕੇ ਨੂੰ ਅਪਣਾਉਂਦੇ ਹੋਏ ਵਿਦੇਸ਼ ਜਾਣ ਲਈ ਆਪਣੀ ਜਾਨ ਜੋਖਮ ਵਿਚ ਪਾਉਣ ਤੋਂ ਨਹੀਂ ਡਰਦੇ।

ਹੁਣ ਤਾਂ ਇਹਨਾਂ ਨੌਜਵਾਨਾਂ ਵਾਂਗ ਸਾਡੀਆਂ ਪੰਜਾਬੀ ਕੁੜੀਆਂ ਵੀ ਇਹੀ ਰਾਸਤਾ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੀਆਂ। ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀ ਭਾਰਤੀ, ਜਿਨ੍ਹਾਂ ਵਿਚ ਵੱਡੀ ਗਿਣਤੀ ਪੰਜਾਬੀ ਨੌਜਵਾਨਾਂ ਦੀ ਹੀ ਹੁੰਦੀ ਹੈ, ਯੂਰਪੀਅਨ ਯੂਨੀਅਨ ਦੇ ਦੇਸ਼ਾਂ ਤੋਂ ਗੈਰ-ਕਾਨੂੰਨੀ ਤਰੀਕੇ ਰਾਹੀਂ ਯੂ.ਕੇ. ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਇੰਗਲੈਡ ਵਲੋਂ ਵੀਜ਼ਾ ਨਿਯਮਾਂ ਵਿਚ ਸਖਤੀ ਕੀਤੇ ਜਾਣ ਮਗਰੋਂ ਹੁਣ ਚੋਰ ਮੋਰੀਆਂ ਰਾਹੀਂ ਪਿਛਲੇ ਦਰਵਾਜੇ ਯੂ.ਕੇ. ਵਾੜਨ ਦਾ ਰੁਝਾਨ ਬਹੁਤ ਹੀ ਜ਼ੋਰ ਫੜ ਗਿਆ ਹੈ। ਇਸ ਗੈਰ-ਕਾਨੂੰਨੀ ਤਰੀਕੇ ਨੂੰ ਇਹ ਲੋਕ “ਡੌਂਕੀ” ਕਹਿੰਦੇ ਹਨ।

ਖੁਦਗਰਜ਼ ਕਿਸਮ ਦੇ ਏਜੰਟਾਂ ਨੇ ਹਮੇਸ਼ਾ ਹੀ ਸਾਡੇ ਨੌਜਵਾਨਾਂ ਨੂੰ “ਡੌਂਕੀ” ਰਾਹੀਂ ਵਿਦੇਸ਼ ਭੇਜਣ ਦਾ ਰਾਹ ਚੁਣਿਆ ਹੈ। ਇਹ ਰਸਤਾ ਅਸਲ ਵਿਚ ਕੰਡਿਆਂ ਦੀ ਸੇਜ ਹੈ। ਸ਼ੈਂਜਨ (Schengen) ਅਧੀਨ ਯੂਰਪ ਦੇ 27 ਤੋਂ ਵੀ ਵੱਧ ਦੇਸ ਆਉਂਦੇ ਹਨ। ਇਹਨਾਂ ਦੇਸ਼ਾਂ ਵਿਚ ਪਹੁੰਚਦੇ ਕਰਨ ਲਈ ਬਹੁ ਗਿਣਤੀ ਏਜੰਟ ਸਾਡੇ ਨੌਜਵਾਨਾਂ ਤੋਂ ਮੋਟੀਆਂ ਰਕਮਾਂ ਲੈ ਕੇ ਉਨ੍ਹਾਂ ਨੂੰ ਇਰਾਨ, ਜੌਰਜੀਆ, ਰਮੀਨੀਆ, ਅਬਜਰ ਵਾਈਜਨ ਵਰਗੇ ਦੇਸਾਂ ਵਿੱਚੋਂ ਦੀ ਹੁੰਦੇ ਹੋਏ ਤੁਰਕੀ ਵਾੜ ਕੇ ਫਿਰ ਤੁਰਕੀ ਤੋਂ ਅੱਗੇ ਗਰੀਸ ਜਾਂ ਇਟਲੀ ਦੇਸ ਦੀ ਸਰਹੱਦ ਪਾਰ ਕਰਵਾ ਦਿੰਦੇ ਹਨ। ਉੱਥੇ ਪਹੁੰਚਣ ਤੋਂ ਬਾਅਦ ਫਰਾਂਸ, ਜਰਮਨੀ, ਬੈਲਜੀਅਮ ਜਾਂ ਸਪੇਨ ਲੈ ਜਾਂਦੇ ਹਨ, ਜਿੱਥੋਂ ਇਹਨਾਂ ਨੂੰ ਯੂ.ਕੇ. ਪਹੁੰਚਾਇਆ ਜਾਂਦਾ ਹੈ।