ਚੜ੍ਹਦੀ ਸਵੇਰ-ਵਰਤਿਆ ਕਹਿਰ -ਕ੍ਰਾਈਸਟਚਰਚ ਸ਼ਹਿਰ ਦੇ ਲਾਗੇ ਸੜਕੀ ਦੁਰਘਟਨਾ ’ਚ ਜਾਨ ਗਵਾਉਣ ਵਾਲਾ ਨੌਜਵਾਨ ਸੀ ਸਿਕੰਦਰ ਪਾਲ ਸਿੰਘ ਬੈਂਸ

ਔਕਲੈਂਡ 18 ਜਨਵਰੀ, 2022-ਹਰਜਿੰਦਰ ਸਿੰਘ ਬਸਿਆਲਾ-: ਬੀਤੇ ਕੱਲ੍ਹ (17 ਜਨਵਰੀ ਦਿਨ ਸੋਮਵਾਰ) ਦੀ ਚੜ੍ਹਦੀ ਸਵੇਰ ਇਕ ਪੰਜਾਬੀ ਪਰਿਵਾਰ ਉਤੇ ਕਹਿਰ ਬਣਕੇ ਬਹੁੜੀ। ਜਿੱਥੇ ਲੋਕ ਆਪਣੇ ਕੰਮਾ ਕਾਰਾਂ ਉਤੇ ਨਿਕਲ ਰਹੇ ਸਨ ਅਤੇ ਉਥੇ ਆਪਣੇ ਜੱਦੀ ਘਰ ਤੋਂ ਹਜ਼ਾਰਾਂ ਮੀਲ ਦੂਰ ਇਕ ਪੰਜਾਬੀ ਨੌਜਵਾਨ ਸਿਕੰਦਰ ਪਾਲ ਸਿੰਘ ਬੈਂਸ (30) ਵੀ ਆਪਣੇ ਕਾਰੋਬਾਰੀ ਟਰੱਕ ਉਤੇ ‘ਮੇਨ ਸਾਊਥ ਰੋਡ-ਸਟੇਟ ਹਾਈਵੇਅ 1’ (ਕ੍ਰਾਈਸਟਚਰਚ) ਉਤੇ ਕਿਰਤ ਕਮਾਈ ਕਰਨ ਵਾਸਤੇ ਨਿਕਲਿਆ ਹੋਇਆ ਸੀ। ਸਫਰ ਦੌਰਾਨ ਇਕ ਟੀ-ਅਕਾਰੀ ਇੰਟਰਸ਼ੈਕਸ਼ਨ (ਮੋੜ) ਉਤੇ ਉਸਦਾ ਟਰੱਕ ਦੂਸਰੇ ਵੱਡੇ ਟਰੱਕ ਦੇ ਨਾਲ ਜਾ ਵੱਜਿਆ ਤੇ ਮਾੜੀ ਕਿਸਮਤ ਇਸ ਨੌਜਵਾਨ ਦੀ ਜਾਨ ਚਲੇ ਗਈ। ਪਤਾ ਲੱਗਿਆ ਹੈ ਕਿ ਦੂਸਰੇ ਟਰੱਕ ਚਾਲਕ ਨੂੰ ਵੀ ਕਾਫੀ ਚੋਟਾਂ ਆਈਆਂ ਪਰ ਉਸਦੀ ਜਾਨ ਬਚ ਗਈ।

ਸਿਕੰਦਰ ਪਾਲ ਬੈਂਸ ਇਕੱਲਾ ਹੀ ਟਰੱਕ ਦੇ ਵਿਚ ਸੀ ਤੇ ਟਰੱਕ ਚਾਲਕ ਸੀ। ਇਸ ਨੌਜਵਾਨ ਦੀ ਮੌਕੇ ਉਤੇ ਹੀ ਜਾਨ ਚਲੇ ਗਈ। ਘਟਨਾ ਸਥਾਨ ਇਥੇ ਦੇ ਇਕ ਗੁਰਦੁਆਰਾ ਸਾਹਿਬ ਤੋਂ ਲਗਪਗ 24 ਕੁ ਕਿਲੋਮੀਟਰ ਦੂਰ ਹੈ ਅਤੇ ਆਸ ਹੈ ਕਿ ਬਹੁਤ ਸਾਰੇ ਪੰਜਾਬੀ ਭਾਈਚਾਰੇ ਦੇ ਲੋਕ ਉਸਨੂੰ ਜਾਣਦੇ ਹੋਣਗੇ, ਜੋ ਉਸਦੇ ਮਿ੍ਰਤਕ ਸਰੀਰ ਨੂੰ ਸਾਂਭ ਇੰਡੀਆ ਭੇਜਣਗੇ। ਆਵਾਜਾਈ ਮਹਿਕਮੇ ਅਨੁਸਾਰ ਟਰੱਕ ਵਿਚ ਫਸੇ ਇਕ ਵਿਅਕਤੀ ਨੂੰ 8 ਵਜੇ ਤੋਂ ਬਾਅਦ ਬਾਹਰ ਕੱਢਿਆ ਜਾ ਸਕਿਆ। ਲਗਪਗ 5 ਘੰਟੇ ਤੱਕ ਹਾਈਵੇਅ ਬੰਦ ਰੱਖਿਆ ਗਿਆ।

ਇਸ ਨੌਜਵਾਨ ਦਾ ਪਿੰਡ ਬਰਿਆਰਾ, ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸੀ। ਇਸਦੇ ਪਿਤਾ ਇਸ ਦੁਨੀਆ ਤੋਂ ਕਾਫੀ ਸਮਾਂ ਪਹਿਲਾਂ ਜਾ ਚੁੱਕੇ ਹਨ ਅਤੇ ਆਪਣੀ ਮਾਂ ਦਾ ਇਹ ਲਾਡਲਾ ਛੋਟਾ ਪੁੱਤਰ ਸੀ। 2018 ਦੇ ਵਿਚ ਇਹ ਇਥੇ ਪੜ੍ਹਨ ਆਇਆ ਸੀ। ਕ੍ਰਾਈਸਟਚਰਚ ਤੋਂ ਸ. ਨਰਿੰਦਰ ਸਿੰਘ ਵੜੈਚ ਹੋਰਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਿ੍ਰਤਕ ਸਰੀਰ ਵਾਪਿਸ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉਤੇ ਖਬਰਾਂ ਦੇ ਸਬੰਧ ਵਿਚ ਲਿਖਿਆ ਮਿਲਦਾ ਹੈ ਕਿ ਉਹ ਕਿਸੀ ਕਾਰ ਵਾਲੇ ਨੂੰ ਬਚਾ ਰਿਹਾ ਸੀ, ਜਿਸ ਕਰਕੇ ਉਸਦਾ ਟਰੱਕ ਦੁਰਘਟਨਾ ਗ੍ਰਸਤ ਹੋ ਗਿਆ, ਜੋ ਜਾਨ ਲੇਵਾ ਸਾਬਿਤ ਹੋਇਆ। ਕਮਿਊਨਿਟੀ ਦੇ ਵਿਚ ਇਸ ਖਬਰ ਨੂੰ ਲੈ ਕੇ ਕਾਫੀ ਸੋਗ ਰਿਹਾ।