ਚੰਡੀਗੜ੍ਹ, 19 ਜਨਵਰੀ, 2022:ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਅਤੇ ਕਈ ਹੋਰਨਾਂ ਦੇ ਰਾਜ ਭਰ ਵਿੱਚ ਲਗਪਗ 12 ਟਿਕਾਣਿਆਂ ’ਤੇ ਮੰਗਲਵਾਰ ਸਵੇਰ ਤੋਂ ਸ਼ੁੋਰੂ ਹੋਈ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਗਈ ਰਕਮ ਜੋ ਪਹਿਲਾਂ 6 ਕਰੋੜ ਰੁਪਏ ਦੱਸੀ ਜਾ ਰਹੀ ਸੀ ਹੁਣ ਵਧ ਕੇ 10 ਕਰੋੜ ਰੁਪਏ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਭੁਪਿੰਦਰ ਸਿੰਘ ਹਨੀ ਦੇ ਮੋਹਾਲੀ ਸਥਿਤ ਹੋਮਲੈਂੜ ਹਾਈਟਸ ਦੇ ਫ਼ਲੈਟ ਨੰਬਰ 53 ਅਤੇ ਕਈ ਹੋਰ ਟਿਕਾਣਿਆਂ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਬੀਤੀ ਰਾਤ ਤਕ ਹੀ 6 ਕਰੋੜ ਰੁਪਏ ਦੀ ਬਰਾਮਦਗੀ ਦੀਆਂ ਖ਼ਬਰਾਂ ਆਈਆਂ ਸਨ। ਇਨ੍ਹਾਂ ਵਿੱਚੋਂ 4 ਕਰੋੜ ਭੁਪਿੰਦਰ ਸਿੰਘ ਹਨੀ ਅਤੇ 2 ਕਰੋੜ ਰੁਪਏ ਸੰਦੀਪ ਕੁਮਾਰ ਨਾਂਅ ਦੇ ਵਿਅਕਤੀ ਤੋਂ ਬਰਾਮਦ ਹੋਏ ਦੱਸੇ ਜਾ ਰਹੇ ਸਨ।

ਤਾਜ਼ਾ ਖ਼ਬਰਾਂ ਇਹ ਹਨ ਕਿ ਹੋਰ ਬਰਾਮਦਗੀ ਹੋਈ ਹੈ ਅਤੇ ਬਰਾਮਦ ਕੀਤੀ ਗਈ ਰਕਮ ਵੱਧ ਕੇ 10 ਕਰੋੜ ਤਕ ਜਾ ਪੁੱਜੀ ਹੈ। ਇਸ ਵਿੱਚੋਂ 8 ਕਰੋੜ ਰੁਪਏ ਭੁਪਿੰਦਰ ਸਿੰਘ ਹਨੀ ਤੋਂ ਹੀ ਬਰਾਮਦ ਹੋਏ ਦੱਸੇ ਜਾ ਰਹੇ ਹਨ।

ਇਸ ਮਾਮਲੇ ਵਿੱਚ ਇਕ ਕੰਪਨੀ ਰਾਹੀਂ ਪੈਸੇ ਖ਼ਪਾਉਣ ਦਾ ਮਾਮਲਾ ਵੀ ਸਾਹਮਣੇ ਆਉਣ ਦੀ ਖਬਰ ਹੈ ਜਿਸ ਵਿੱਚ ਭੁਪਿੰਦਰ ਸਿੰਘ ਹਨੀ ਅਤੇ ਉਸਦਾ ਸਾਥੀ ਕੁਦਰਤਦੀਪ ਸਿੰਘ ਡਾਇਰੈਕਟਰ ਦੱਸੇ ਜਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਪਨੀ ਨੇ ਕੋਈ ਜ਼ਿਆਦਾ ਕਾਰੋਬਾਰ ਨਹੀਂ ਕੀਤਾ ਹੈ।

ਇਸੇ ਦੌਰਾਨ ਇਸੇ ਛਾਪੇਮਾਰੀ ਦੀ ਕੜੀ ਤਹਿਤ.ਡੀ.ਵੱਲੋਂ ਇਸੇ ਵੇਲੇ ਪਠਾਨਕੋਟ ਵਿੱਚ ਕਾਂਗਰਸ ਆਗੂ ਵਿਕਰਮ ਜੋਸ਼ੀ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ।

ਵਿਕਰਮ ਜੋਸ਼ੀ ਅਤੇ ਉਨ੍ਹਾਂ ਦੇ ਪਿਤਾ ਸੁਨੀਲ ਜੋਸ਼ੀ ਕਾਂਗਰਸ ਨਾਲ ਜੁੜੇ ਹੋਏ ਹਨ ਅਤੇ ਵਿਕਰਮ ਜੋਸ਼ੀ ਨੇ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਕਾਂਗਰਸ ਦੀ ਟਿਕਟ ਲਈ ਦੋ ਵਾਰ ਆਪਣਾ ਦਾਅਵਾ ਪੇਸ਼ ਕੀਤਾ ਸੀ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਸੀ। 2007 ਅਤੇ 2012 ਵਿੱਚ ਉਹ ਟਿਕਟ ਦੇ ਚਾਹਵਾਨ ਸਨ।

ਬਾਕੀ ਜਗ੍ਹਾ ਕੀਤੀ ਗਈ ਛਾਪੇਮਾਰੀ ਦੇ ਵਾਂਗ ਹੀ ਈ.ਡੀ.ਦੀ ਟੀਮ ਨੇ ਸਵੇਰੇ 8 ਵਜੇ ਦੇ ਕਰੀਬ ਹੀ ਵਿਕਰਮ ਜੋਸ਼ੀ ਦੇ ਬੁੰਗਲ ਸਥਿਤ ਘਰ ਵਿਖ਼ੇ ਪਹੁੰਚ ਗਈ ਅਤੇ ਉਸਤੋਂ ਬਾਅਦ ਛਾਪੇਮਾਰੀ ਦਾ ਕੰਮ ਲਗਾਤਾਰ ਜਾਰੀ ਰਿਹਾ। ਇਸ ਦੌਰਾਨ ਕੀ ਬਰਾਮਦਗੀ ਹੋਈ ਹੈ, ਅਜੇ ਕੋਈ ਵੇਰਵੇ ਹਾਸਲ ਨਹੀਂ ਹੋਏ ਹਨ।