ਟੋਰਾਂਟੋ – ਮੌਜੂਦਾ ਸਮੇਂ ਵਿਚ ਮੋਬਾਇਲ ‘ਤੇ ਸੈਲਫੀ ਲੈਣ ਆਮ ਹੈ ਪਰ ਕਈ ਵਾਰ ਸੈਲਫੀ ਲੈਣ ਦਾ ਸ਼ੌਂਕ ਤੁਹਾਡੀ ਜਾਨ ਖਤਰੇ ਵਿਚ ਪਾ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਦੀ ਕਾਰ ਜੰਮੀ ਹੋਈ ਨਦੀ ਵਿੱਚ ਫਸ ਗਈ ਅਤੇ ਡੁੱਬਣ ਲੱਗੀ ਪਰ ਇਸ ਤੋਂ ਪਹਿਲਾਂ ਕਿ ਉਸ ਦੀ ਕਾਰ ਪੂਰੀ ਤਰ੍ਹਾਂ ਡੁੱਬ ਜਾਂਦੀ, ਔਰਤ ਕਿਸੇ ਤਰ੍ਹਾਂ ਕਾਰ ਦੇ ਉੱਪਰ ਚੜ੍ਹ ਕੇ ਇਸ ਹਾਦਸੇ ਦੀ ਸੈਲਫੀ ਲੈਣ ਵਿਚ ਕਾਮਯਾਬ ਹੋ ਗਈ। ਕੈਨੇਡੀਅਨ ਪੁਲਸ ਨੇ ਮਹਿਲਾ ਡਰਾਈਵਰ ‘ਤੇ ਖਤਰਨਾਕ ਡਰਾਈਵਿੰਗ ਕਰਨ ਦਾ ਦੋਸ਼ ਲਗਾਇਆ ਹੈ। ਖ਼ਬਰਾਂ ‘ਚ ਆਈ ਤਸਵੀਰ ‘ਚ ਔਰਤ ਆਪਣੀ ਪੀਲੀ ਕਾਰ ਦੇ ਉੱਪਰ ਖੜ੍ਹੀ ਹੋ ਕੇ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ।

ਓਟਾਵਾ ਦੇ ਮੈਨੋਟਿਕਾ ਵਿੱਚ ਉਸ ਦੀ ਕਾਰ ਰਿਡੋ ਨਦੀ ਵਿੱਚ ਫਸ ਗਈ ਸੀ। ‘ਦਿ ਮਿਰਰ’ ਦੀ ਰਿਪੋਰਟ ਮੁਤਾਬਕ ਜਦੋਂ ਬਰਫੀਲੀ ਨਦੀ ‘ਚ ਡੁੱਬ ਰਹੀ ਕਾਰ ਦੇ ਉੱਪਰ ਖੜ੍ਹੀ ਔਰਤ ਮਸਤੀ ਨਾਲ ਸੈਲਫੀ ਲੈ ਰਹੀ ਸੀ ਤਾਂ ਆਸ-ਪਾਸ ਮੌਜੂਦ ਸਥਾਨਕ ਲੋਕ ਉਸ ਨੂੰ ਬਚਾਉਣ ਲਈ ਭੱਜ-ਦੌੜ ਕਰ ਰਹੇ ਸਨ। ਅੰਤ ਵਿੱਚ ਉਸ ਨੂੰ ਰੱਸੀ ਨਾਲ ਬੰਨ੍ਹੀ ਕਿਸ਼ਤੀ ਦੀ ਮਦਦ ਨਾਲ ਨਦੀ ਵਿੱਚ ਇੱਕ ਵੱਡੇ ਟੋਏ ਵਿੱਚ ਡੁੱਬਣ ਤੋਂ ਬਚਾ ਲਿਆ ਗਿਆ। ਜਦੋਂ ਤੱਕ ਕਿਸ਼ਤੀ ਔਰਤ ਤੱਕ ਪਹੁੰਚੀ, ਉਸਦੀ ਕਾਰ ਲਗਭਗ ਪੂਰੀ ਤਰ੍ਹਾਂ ਡੁੱਬ ਚੁੱਕੀ ਸੀ ਅਤੇ ਸਿਰਫ ਉਸਦੀ ਛੱਤ ਹੀ ਦਿਖਾਈ ਦੇ ਰਹੀ ਸੀ।ਰਿਪੋਰਟ ਮੁਤਾਬਕ ਕਾਰ ਅਜੇ ਵੀ ਉਥੇ ਹੀ ਡੁੱਬੀ ਹੋਈ ਹੈ।

ਅਧਿਕਾਰੀਆਂ ਨੇ ਦਿੱਤੀ ਚਿਤਾਵਨੀ
ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸੈਰ ਲਈ ਬਰਫ਼ ਵਿੱਚ ਪੈਦਲ ਜਾਣਾ ਖ਼ਤਰਨਾਕ ਹੋ ਸਕਦਾ ਹੈ। ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਵਾਲੇ ਲੋਕਾਂ ਦੇ ਮੁਤਾਬਕ ਇਕ ਸਮੇਂ ‘ਤੇ ਮਹਿਲਾ ਡਰਾਈਵਰ ਨੇ ਕਿਹਾ ਕਿ ਓਹ ਮੈਨੂੰ ਲੱਗਦਾ ਹੈ ਕਿ ਮੈਂ ਇਸ ‘ਤੇ ਚੱਲ ਸਕਦੀ ਹਾਂ। ਇਕ ਚਸ਼ਮਦੀਦ ਨੇ ਟਵਿੱਟਰ ‘ਤੇ ਕਿਹਾ ਕਿ ਉਸ ਨੇ ਔਰਤ ਨੂੰ ਬਹੁਤ ਤੇਜ਼ ਰਫਤਾਰ ਨਾਲ ਆਪਣੇ ਪਿੱਛੇ ਤੋਂ ਲੰਘਦਿਆਂ ਦੇਖਿਆ।


ਕੈਨੇਡਾ ਵਿੱਚ ਕਾਰਾਂ ਅਕਸਰ ਨਦੀ ‘ਤੇ ਚੱਲਦੀਆਂ ਹਨ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਦੇਖਿਆ ਕਿ ਔਰਤ ਦੀ ਕਾਰ ਬਰਫ਼ ਵਿਚ ਫਸ ਕੇ ਡੁੱਬ ਰਹੀ ਸੀ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਇਕ ਵੀਡੀਓ ‘ਚ ਕਾਰ ਨੂੰ ਜੰਮੀ ਹੋਈ ਨਦੀ ‘ਤੇ ਤੇਜ਼ ਰਫਤਾਰ ਨਾਲ ਜਾਂਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸਾ ਕਾਰ ਤਿਲਕਣ ਕਾਰਨ ਹੋਇਆ ਜਾਂ ਤੇਜ਼ ਰਫਤਾਰ ਨਾਲ।

ਪੁਲਸ ਨੇ ਔਰਤ ‘ਤੇ ਦੋਸ਼ ਲਾਏ ਹਨ ਪਰ ਕੈਨੇਡਾ ‘ਚ ਬਰਫ ‘ਤੇ ਗੱਡੀ ਚਲਾਉਣਾ ਗੈਰ-ਕਾਨੂੰਨੀ ਨਹੀਂ ਹੈ ਕਿਉਂਕਿ ਸਰਦੀਆਂ ‘ਚ ਅਜਿਹੇ ਹਾਲਾਤ ਅਕਸਰ ਬਣਦੇ ਹਨ।ਪੁਲਸ ਨੇ ਦੱਸਿਆ ਕਿ ਨਦੀ ਦਾ ਇਹ ਹਿੱਸਾ ਹੋਰਨਾਂ ਇਲਾਕਿਆਂ ਦੇ ਮੁਕਾਬਲੇ ਬਹੁਤ ਪਤਲਾ ਹੈ। ਸਾਲ ਦੇ ਇਸ ਸਮੇਂ ‘ਤੇ ਬਰਫ ਦੀਆਂ ਸਥਿਤੀਆਂ ਅਣ-ਅਨੁਮਾਨਿਤ ਹੋ ਸਕਦੀਆਂ ਹਨ। ਓਟਾਵਾ ਪੁਲਸ ਸੇਵਾ ਨਿਵਾਸੀਆਂ ਨੂੰ ਬਰਫ਼ ਤੋਂ ਦੂਰ ਰਹਿਣ ਦੀ ਸਲਾਹ ਦਿੰਦੀ ਹੈ। ਕੈਨੇਡਾ ਇਸ ਸਮੇਂ ਭਿਆਨਕ ਸਰਦੀ ਦਾ ਸਾਹਮਣਾ ਕਰ ਰਿਹਾ ਹੈ। ਕੈਨੇਡਾ ਵਿੱਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ -11 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ -19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।