ਐਨਡੀਟੀਵੀ ਨਾਲ ਕੰਮ ਕਰਦੀ ਪੱਤਰਕਾਰ ਬੀਬੀ ਸਵਾਤੀ ਚਤੁਰਵੇਦੀ ਨੇ ਖੁਲਾਸਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨਾਲ ਮੁਲਾਕਾਤ ’ਚ ਪੰਜਾਬ ਅੰਦਰ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਰੱਖੀ ਹੈ ਤੇ ਨਾਲ ਹੀ ਇਸ ਵਾਸਤੇ ਹਮਾਇਤ ਦੇਣ ਦਾ ਵਾਅਦਾ ਵੀ ਕੀਤਾ ਹੈ।

ਕੋਈ ਵੱਡੀ ਗੱਲ ਨਹੀਂ, ਕੈਪਟਨ ਕੋਲ਼ੋਂ ਇਹ ਆਸ ਰੱਖੀ ਜਾ ਸਕਦੀ ਹੈ। ਜੇ ਕੈਪਟਨ ਦੇ ਵਡੇਰੇ ਸਿੱਖਾਂ ਅਤੇ ਪੰਜਾਬ ਦੇ ਉਲਟ ਅਬਦਾਲੀ ਨਾਲ ਰਲ਼ ਸਕਦੇ ਹਨ ਤਾਂ ਉਸੇ ਖੂਨ ਵਾਲਾ ਕੈਪਟਨ ਅੱਜ ਦੇ ਅਬਦਾਲੀਆਂ ਨਾਲ ਕਿਓਂ ਨਹੀਂ ਰਲ਼ ਸਕਦਾ!
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡਣ ਦੀਆਂ ਅਟਕਲਾਂ ਜਾਰੀ ਹਨ। ਇਸ ਦੌਰਾਨ ਅਮਰਿੰਦਰ ਬੁੱਧਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਉਨ੍ਹਾਂ ਨੂੰ ਮਿਲਣ ਪਹੁੰਚੇ। ਦੋਵਾਂ ਵਿਚਾਲੇ ਤਕਰੀਬਨ 45 ਮਿੰਟ ਤੱਕ ਗੱਲਬਾਤ ਹੋਈ।

ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲਾਂ ਹੀ ਇਹ ਅਟਕਲਾਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਦਿੱਲੀ ਦੌਰੇ ਦੌਰਾਨ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਸਕਦੇ ਹਨ।

ਹਾਲਾਂਕਿ, ਪਹਿਲਾਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਅਤੇ ਬਾਅਦ ਵਿੱਚ ਕੈਪਟਨ ਨੇ ਇਹਨਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ। ਅਮਰਿੰਦਰ ਨੇ ਮੀਡੀਆ ਨੂੰ ਕਿਹਾ- ਮੈਂ ਦਿੱਲੀ ਵਿੱਚ ਕਿਸੇ ਵੀ ਨੇਤਾ ਨੂੰ ਨਹੀਂ ਮਿਲਾਂਗਾ। ਮੈਂ ਇੱਥੇ ਆਪਣਾ ਬੰਗਲਾ ਖਾਲੀ ਕਰਨ ਆਇਆ ਹਾਂ।


ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈਕਮਾਨ ਤੋਂ ਕਾਫ਼ੀ ਨਾਰਾਜ਼ ਚਲੇ ਆ ਰਹੇ ਹਨ। ਬੀਤੇ ਦਿਨ ਪੰਜਾਬ ਕਾਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਲੋਂ ਅਸਤੀਫ਼ਾ ਦੇਣ ਪਿੱਛੋ ਪੰਜਾਬ ਕਾਂਗਰਸ ਦੀ ਸਿਆਸਤ ’ਚ ਵੱਡੀ ਹਲਚਲ ਹੋਣੀ ਸ਼ੁਰੂ ਹੋ ਚੁੱਕੀ ਹੈ। ਇੱਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਦੌਰੇ ’ਤੇ ਹਨ। ਅਜਿਹੇ ’ਚ ਕੈਪਟਨ ਅਮਰਿੰਦਰ ਸਿੰਘ ਦਾ ਅਮਿਤ ਸ਼ਾਹ ਨੂੰ ਮਿਲਣ ਜਾਣਾ ਸਭ ਨੂੰ ਹੈਰਾਨ ਕਰ ਦੇਣ ਵਾਲਾ ਕਦਮ ਹੈ।