ਥਾਣਾ ਭਿੰਡੀ ਸੈਦਾਂ ਅਧੀਨ ਆਉਦੇ ਪਿੰਡ ਭਿੰਡੀ ਔਲਖ ਕਲਾਂ ਦੇ ਗੁਰਦੁਆਰਾ ਸਾਹਿਬ ਦੀ ਗੋਲਕ ’ਚ ਇਕ ਵਿਅਕਤੀ ਵੱਲੋਂ ਪੈਸੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਪੁਲਸ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਹਿਬ ਦੇ ਗ੍ਰੰਥੀ ਭਾਈ ਜਰਨੈਲ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਬੀਤੀ ਸ਼ਾਮ ਜਦੋਂ ਉਹ ਗੁਰਦਆਰਾ ਸਾਹਿਬ ਵਿਖੇ ਰਹਿਰਾਸ ਸਾਹਿਬ ਦਾ ਪਾਠ ਕਰਨ ਲਈ ਆਇਆ ਤਾਂ ਗੁਰਦੁਆਰਾ ਸਾਹਿਬ ਦੇ ਮੇਨ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਹੋਇਆ ਸੀ। ਇਸ ਤੋਂ ਬਾਅਦ ਅੰਦਰ ਜਾ ਕੇ ਦੇਖਣ ’ਤੇ ਪਤਾ ਲੱਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖੀ ਹੋਈ ਗੋਲਕ ਦਾ ਜਿੰਦਰਾ ਵੀ ਟੁੱਟਾ ਹੋਇਆ ਸੀ ਤੇ ਉਸ ’ਚੋਂ ਕਰੀਬ 4000 ਰੁਪਏ ਚੋਰੀ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੁਲਸ ਵੱਲੋਂ ਤਫਤੀਸ਼ ਕਰਨ ’ਤੇ ਪਿੰਡ ਦੇ ਸਰਪੰਚ ਜਗਦੀਸ਼ ਸਿੰਘ, ਜਿਸ ਦਾ ਘਰ ਬਿਲਕੁਲ ਗੁਰਦੁਆਰਾ ਸਾਹਿਬ ਦੇ ਗੁਆਂਢ ’ਚ ਹੈ, ਨੇ ਦੱਸਿਆ ਕਿ ਬੀਤੀ ਸ਼ਾਮ ਜਦ ਉਹ ਗੁ. ਸਾਹਿਬ ਦੇ ਅੱਗੋਂ ਲੰਘ ਰਿਹਾ ਸੀ ਤਾਂ ਗੁਰਸਾਹਿਬ ਸਿੰਘ ਪੁੱਤਰ ਜੰਗ ਸਿੰਘ ਵਾਸੀ ਭਿੰਡੀ ਔਲਖ ਗੁਰਦੁਆਰਾ ਸਾਹਿਬ ਦੇ ਅੰਦਰੋਂ ਹੱਥ ’ਚ ਪੈਸੇ ਲੈ ਕੇ ਨਿਕਲ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਗੁਰਸਾਹਿਬ ਸਿੰਘ ਨੂੰ ਕਾਬੂ ਕਰਨ ਤੇ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਚੋਰੀ ਦਾ ਜ਼ੁਰਮ ਕਾਬੂਲ ਕੀਤਾ ਤੇ ਸੋਸ਼ਲ ਮੀਡੀਆ ‘ਤੇ ਬੇਅਦਬੀ ਦੀ ਵੀ ਗੱਲ ਕਬੂਲੀ। ਪੁਲਸ ਵੱਲੋਂ ਗੁਰਸਾਹਿਬ ਸਿੰਘ ਖਿਲਾਫ ਮਾਮਲਾ ਦਰਜ ਕਰਨ ਤੇ ਦੋਸ਼ੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵਡੀਓ ’ਚ ਮੁਲਜ਼ਮ ਗੁਰਸਾਹਿਬ ਸਿੰਘ ਆਪਣੇ ਕਿਸੇ ਸਾਥੀ ਗਣੇ ਦਾ ਨਾਂ ਲੈ ਕੇ ਦੱਸ ਰਿਹਾ ਹੈ ਕਿ ਗਣੇ ਨੇ ਉਸ ਨੂੰ 1 ਲੱਖ ਰੁਪਏ ਦੇਣ ਦਾ ਲਾਲਚ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਨੂੰ ਕਿਹਾ ਸੀ, ਜਿਸ ਸਬੰਧੀ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।