ਨਵੀਂ ਦਿੱਲੀ, 23 ਜਨਵਰੀ – ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ(ਐਲਏਸੀ)’ਤੇ ਸਰਹੱਦੀ ਵਿਵਾਦ ਨੂੰ ਲੈ ਕੇ ਜਾਰੀ ਜਮੂਦ ਖਤਮ ਕਰਨ ਲਈ ਭਾਰਤ ਅਤੇ ਚੀਨ ਵਿਚਾਲੇ 14ਵੇਂ ਗੇੜ ਦੀ ਕਮਾਂਡਰ ਪੱਧਰ ਦੀ ਗੱਲਬਾਤ ਵੀ ਬੇਸਿੱਟਾ ਰਹਿਣ ਤੋਂ ਬਾਅਦ ਭਾਰਤ ਦੇ ਮੁੱਖ ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਹਾਲਾਤ ਹਾਲੇ ਵੀ ‘ਨਾਜ਼ੁਕ’ ਬਣੇ ਹੋਏ ਹਨ ਕਿਉਂਕਿ ਗੁਆਂਢੀ ਮੁਲਕ ਨੇ ਐਲਏਸੀ ’ਤੇ ਮਾਹੌਲ ਤਣਾਅਪੂਰਨ ਬਣਾਈ ਰੱਖਣ ਸਮੇਤ ਭਾਰਤ ਨਾਲ ਪੱਕੀ ਦੁਸ਼ਮਣੀ ਰੱਖਣ ਦੀ ਕਾਰਵਾਈ ਜਾਰੀ ਰੱਖੀ ਹੈ।’’ ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ਼ ਦੀ ਗਲਵਾਨ ਵਾਦੀ ਵਿੱਚ ਸਾਲ 2020 ਦੇ ਅਪਰੈਲ ਵਿੱਚ ਸ਼ੁਰੂ ਹੋਇਆ ਸਰਹੱਦੀ ਵਿਵਾਦ ਹਾਲੇ ਵੀ ਬਰਕਰਾਰ ਹੈ। ਫੌਜਾਂ ਪਿੱਛੇ ਹਟਾਉਣ ਅਤੇ ਹੋਰਨਾਂ ਸਬੰਧਤ ਮੁੱਦਿਆਂ ’ਤੇ ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ ਦਾ ਗੇੜ ਵੀ ਜਾਰੀ ਹੈ।

ਦੋਵਾਂ ਮੁਲਕਾਂ ਦੇ ਜਵਾਨ ਹਾਲੇ ਵੀ ਐਲਏਸੀ ’ਤੇ ਡਟੇ ਹੋਏ ਹਨ। ਇਸੇ ਦੌਰਾਨ, ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ(ਪੀਐਲਏ) ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਇਕ ਨੌਜਵਾਨ ਨੂੰ ਅਗਵਾ ਕਰਨ ਨਾਲ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਰੱਖਿਆ ਮਾਹਿਰ ਸੀ ਉਦੈ ਭਾਸਕਰ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਕਿਹਾ, ‘‘ ਪੂਰਬੀ ਲੱਦਾਖ ਵਿੱਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਪੀਐਲਏ ਭਾਰਤੀ ਦਾਅਵੇ ਵਾਲੀ ਸਰਹੱਦ ਦੇ ਅੰਦਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਲਿਹਾਜ਼ ਨਾਲ ਗਲਵਾਨ ਵਾਦੀ ਦੀ ਘਟਨਾ ਬਾਅਦ ਸਥਿਤੀ ਬਹੁਤੀ ਭਾਰਤ ਦੇ ਪੱਖ ਵਿੱਚ ਨਹੀਂ ਹੈ। ਦੋਵਾਂ ਮੁਲਕਾਂ ਨੂੰ ਮਨਜ਼ੂਰ ਹੱਲ ਕੱਢੇ ਜਾਣ ਤਕ ਭਾਰਤ ਦੀ ਰਣਨੀਤੀ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੀਐਲਏ ਨੂੰ ਭਵਿੱਖ ਵਿੱਚ ਅਜਿਹੀ ਉਲੰਘਣਾ ਕਰਨ ਤੋਂ ਰੋਕਣ ਲਈ ਭਾਰਤ ਦਾ ਆਪਣੀ ਫੌਜੀ ਤਾਕਤ ਵਧਾਉਣਾ ਹੀ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਸ ਸਬੰਧੀ ਚੀਨ ਨੂੰ ਕੂਟਨੀਤਕ ਅਤੇ ਫੌਜੀ ਪੱਧਰ ’ਤੇ ਸੁਨੇਹਾ ਦੇਣਾ ਚਾਹੀਦਾ ਹੈ। ਨਾਲ ਹੀ ਮੌਜੂਦਾ ਤਣਾਅ ਘਟਾਉਣ ਲਈ ਭਾਰਤ ਨੂੰ ਚੀਨ ਨੂੰ ਸਾਂਝਾ ਹੱਲ ਕੱਢਣ ਲਈ ਪੇਈਚਿੰਗ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਕੌਮੀ ਸੁਰੱਖਿਆ ਕੌਂਸਲ ਦੇ ਸਾਬਕਾ ਸਲਾਹਕਾਰ ਪ੍ਰੋਫੈਸਰ ਬ੍ਰਹਮ ਚੇਲਾਨੀ ਨੇ ਕਿਹਾ ਕਿ ਚੀਨ ਵੱਲੋਂ ਸਰਹੱਦ ’ਤੇ ‘ਵਿਵਾਦਤ ਇਲਾਕੇ’ ਵਿੱਚ ਫੌਜੀ ਪਿੰਡ ਦੀ ਉਸਾਰੀ ਕਰਨ ਬਾਅਦ ਹੁਣ ਅਰੁਣਾਚਲ ਪ੍ਰਦੇਸ਼ ਦੇ ਇਕ ਨੌਜਵਾਨ ਨੂੰ ਅਗਵਾ ਕਰਨਾ, ਗੁਆਂਢੀ ਮੁਲਕ ਦੀ ਲੰਮੇ ਸਮੇਂ ਤੋਂ ਜਾਰੀ ‘ਸਲਾਮੀ ਸਲਾਈਸਿੰਗ’ ਰਣਨੀਤੀ ਦਾ ਪਾਸਾਰ ਹੈ। ਕਿਸੇ ਮੁਲਕ ਵੱਲੋਂ ਆਪਣੇ ਗਆਂਢੀ ਮੁਲਕਾਂ ਖਿਲਾਫ਼ ਛੋਟੇ ਛੋਟੇ ਫੌਜੀ ਅਪਰੇਸ਼ਨਾਂ ਜ਼ਰੀਏ ਹੌਲੀ ਹੌਲੀ ਕਿਸੇ ਵੱਡੇ ਇਲਾਕੇ ’ਤੇ ਕਬਜ਼ਾ ਕਰਨ ਦੀ ਨੀਤੀ ਨੂੰ ‘ਸਲਾਮੀ ਸਲਾਈਸਿੰਗ’ ਕਿਹਾ ਜਾਂਦਾ ਹੈ। –