ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਅੰਮ੍ਰਿਤਸਰ ਪੂਰਬੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੱਤੀ ਕਿ ਜੇ ਉਸ ਵਿੱਚ ਦਮ ਹੈ ਤਾਂ ਉਹ ਸਿਰਫ਼ ਇਸ ਹਲਕੇ ਤੋਂ ਹੀ ਚੋਣ ਲੜੇ। ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਜੀਠਾ ਸੀਟ ਤੋਂ ਚੋਣ ਲੜ ਰਹੇ ਹਨ, ਜੋ ਇਸ ਵੇਲੇ ਉਨ੍ਹਾਂ ਕੋਲ ਹੈ। ਅੰਮ੍ਰਿਤਸਰ ਪੂਰਬੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ, ‘ਜੇਕਰ ਮਜੀਠੀਆ ‘ਚ ਇੰਨੀ ਹਿੰਮਤ ਹੈ ਤੇ ਲੋਕਾਂ ‘ਤੇ ਭਰੋਸਾ ਹੈ ਤਾਂ ਸਿਰਫ਼ ਇੱਥੋਂ ਇਕ ਸੀਟ ਤੋਂ ਚੋਣ ਲੜੇ। ਕੀ ਉਸ ‘ਚ ਹਿੰਮਤ ਹੈ?’

ਨਵਜੋਤ ਸਿੰਘ ਸਿੱਧੂ ਨੇ ਕਿਹਾ ਮਜੀਠੀਆ ਨੇ ਨਸ਼ਾ ਵੇਚਿਆ ਹੈ, ਚਿੱਟੇ ਦੀਆਂ ਪੁੜੀਆਂ ਵੇਚੀਆਂ ਨੇ ਪਰ ਸਿੱਧੂ ਨੇ ਹਮੇਸ਼ਾਂ ਪੰਜਾਬ ਲਈ ਲੜਾਈ ਲੜੀ ਹੈ। ਬਿਕਰਮ ਮਜੀਠੀਆ ਦੇ ਖਿਲਾਫ ਐਸਟੀਐਫ ਦੀ ਰਿਪੋਰਟ ਵਿਚ ਵੀ ਸਬੂਤ ਹਨ। ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਹੈ। ਇਹ ਰਲ ਕੇ 75-25 ਖੇਡ ਰਹੇ ਹਨ। ਸਿੱਧੂ ਪਰਿਵਾਰਕ ਵਿਵਾਦ ਬਾਰੇ ਵੀ ਮੀਡੀਆ ਸਾਹਮਣੇ ਬੋਲੇ ਕਿ ”ਮੇਰੇ ਮਾਂ-ਪਿਓ ਨੂੰ ਮਰਿਆਂ 40 ਸਾਲ ਹੋ ਗਏ ਹਨ ਤੇ ਇਹ ਇੰਨੇ ਬੇਸ਼ਰਮ ਨਿਕਲੇ ਕਿ ਸਿਆਸਤ ਕਰਨ ਲਈ ਮੇਰੀ ਮਾਂ ਨੂੰ ਕਬਰਾਂ ‘ਚੋਂ ਕੱਢ ਲਿਆਏ। ਇਨ੍ਹਾਂ ‘ਤੇ ਥੂ ਹੈ।

ਨਵਜੋਤ ਸਿੱਧੂ ਕਦੇ ਇੰਨਾ ਨਹੀਂ ਸੀ ਗਿਰਿਆ ਕਿ ਅਪਣੀ ਮਾਂ ਨੂੰ ਚਿੱਕੜ ਵਿਚ ਸੁੱਟੇਗਾ। ਨਵਜੋਤ ਸਿੱਧੂ ਚਿੱਕੜ ਤੋਂ ਬਹੁਤ ਦੂਰ ਰਿਹਾ ਹੈ ਤੇ ਇਹ ਕਾਲੇ ਮੂੰਹ ਵਾਲਾ ਬੰਦਾ ਵੀ ਚਿੱਕੜ ਹੀ ਹੈ।” ਜਦੋਂ ਇਨ੍ਹਾਂ ਨੂੰ ਮੇਰੇ ਖਿਲਾਫ਼ ਕੁਝ ਨਹੀਂ ਮਿਲਿਆ ਤਾਂ ਇਹ ਮੇਰੀ ਮਾਂ ਨੂੰ ਕਬਰਾਂ ਵਿੱਚੋਂ ਕੱਢ ਲਿਆਏ। ਮੇਰੇ 17 ਸਾਲਾਂ ਦੇ ਸਿਆਸੀ ਕਰੀਅਰ ਵਿਚ ਇੱਕ ਵੀ ਪਰਚਾ ਨਹੀਂ ਹੈ।

ਮਜੀਠੀਆ ’ਤੇ ਤੰਜ ਕੱਸਦੇ ਹੋਏ ਨਵਜੋਤ ਨੇ ਕਿਹਾ ਕਿ ਜਿਹੜੇ ਲੋਕ ਖੁਦ ਮੁਲਜ਼ਮ ਹਨ ਅਤੇ ਜ਼ਮਾਨਤ ਲੈਣ ਲਈ ਦਰ-ਦਰ ਦੀਆਂ ਠੋਕਰਾ ਖਾ ਰਹੇ ਹਨ, ਉਹ ਨਵਜੋਤ ਸਿੱਧੂ ਨੂੰ ਸਵਾਲ ਕਰਨ ਦੀ ਔਕਾਤ ਨਹੀਂ ਰੱਖ ਸਕਦੇ। ਨਵਜੋਤ ਸਿੱਧੂ ਨੇ ਸ਼ਹਿਰ ’ਚ ਰਹਿ ਕੇ ਪਰਚੇ ਦਰਜ ਨਹੀਂ ਕਰਵਾਏ। ਸਿੱਧੂ ਨੇ ਨਾ ਲੋਕਾਂ ਨੂੰ ਕੁੱਟਿਆ ਹੈ ਅਤੇ ਨਾ ਹੀ ਪੰਜਾਬ ਨੂੰ ਲੁੱਟਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਪਿਛਲੇ 17 ਸਾਲਾ ਤੋਂ ਸਿਆਸਤ ’ਚ ਹਨ ਤੇ ਉਹਨਾਂ ‘ਤੇ ਇਕ ਵੀ ਪਰਚਾ ਦਰਜ ਨਹੀਂ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਅਸੀਂ ਕਦੇ ਆਪਣਾ ਇਮਾਨ ਨਹੀਂ ਵੇਚਿਆ ਅਤੇ ਇਨ੍ਹਾਂ ਨੇ ਚਿੱਟਾ ਵੇਚਿਆ ਹੈ।

ਪੰਜਾਬ ਦੇ ਲੋਕਾਂ ਦੀ ਜਵਾਨੀ ਨਸ਼ੇ ’ਚ ਤਬਾਹ ਕਰ ਦਿੱਤੀ, ਜਿਸ ਕਰਕੇ ਇਨ੍ਹਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ। ਅਕਾਲੀਆਂ ’ਤੇ ਸ਼ਬਦੀ ਹਮਲਾ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਇਨ੍ਹਾਂ ਨੇ ਪੰਜਾਬ ’ਚ ਆਪਣੀਆਂ ਬੱਸਾਂ ਚਲਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਇਨ੍ਹਾਂ ਨੇ ਆਪਣੇ ਹੋਟਲ ਖੋਲ੍ਹੇ ਹੋਏ ਹਨ। ਇਨ੍ਹਾਂ ਨੂੰ ਲਾਹਨਤ ਪੱਤਰ ਤੱਕ ਲਿਖੇ ਗਏ। ਨਵਜੋਤ ਸਿੱਧੂ ਨੇ ਕਿਹਾ ਕਿ ਇਸ ਸ਼ਹਿਰ ਦੇ ਲੋਕਾਂ ਦਾ ਕਾਂਗਰਸ ਸਰਕਾਰ ’ਤੇ ਭਰੋਸਾ ਸੀ, ਹੈ ਅਤੇ ਅੱਗੇ ਵੀ ਰਹੇਗਾ।