ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਬਜਟ ਭਾਸ਼ਣ ਜਾਰੀ ਕਰ ਦਿੱਤਾ ਹੈ। ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਕੋਵਿਡ ਮਹਾਮਾਰੀ ਦੇ ਮਾੜੇ ਪ੍ਰਭਾਵਾਂ ਦਾ ਜ਼ਿਕਰ ਕਰਕੇ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਵੇਰੀਐਂਟ ਓਮਾਈਕਰੋਨ ਦਾ ਪ੍ਰਭਾਵ ਘੱਟ ਹੈ, ਪਰ ਇਸ ਨਾਲ ਆਰਥਿਕ ਗਤੀਵਿਧੀਆਂ ਵਿੱਚ ਕੁਝ ਰੁਕਾਵਟ ਵੀ ਆਈ ਹੈ।

RBI ਦੀ ਡਿਜੀਟਲ ਮੁਦਰਾ

ਭਾਰਤ ਵਿੱਚ ਰੈਗੂਲੇਟਿਡ ਡਿਜੀਟਲ ਕਰੰਸੀ ਲਿਆਉਣ ਦਾ ਵੀ ਐਲਾਨ ਕੀਤਾ ਗਿਆ ਹੈ। ਬਿਟਕੋਇਨ ਵਰਗੀਆਂ ਡਿਜੀਟਲ ਮੁਦਰਾਵਾਂ ਜੋਖਮ ਭਰੇ ਨਿਵੇਸ਼ਾਂ ਦੀ ਬਜਾਏ ਨਵੇਂ, ਸੁਰੱਖਿਅਤ ਨਿਵੇਸ਼ ਵਿਕਲਪਾਂ ਦੀ ਪੇਸ਼ਕਸ਼ ਕਰ ਰਹੀਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਵਿੱਤੀ ਸਾਲ 2022-23 ‘ਚ ਰਿਜ਼ਰਵ ਬੈਂਕ ਡਿਜੀਟਲ ਕਰੰਸੀ ਲਾਂਚ ਕਰੇਗਾ। ਵਿੱਤ ਮੰਤਰੀ ਨੇ ਕਿਹਾ, ‘ਬਲਾਕਚੇਨ ਅਤੇ ਹੋਰ ਤਕਨੀਕਾਂ ਦੀ ਵਰਤੋਂ ਕਰਕੇ ਡਿਜੀਟਲ ਕਰੰਸੀ ਪੇਸ਼ ਕੀਤੀ ਜਾਵੇਗੀ, ਆਰਬੀਆਈ ਇਸਨੂੰ 2022-23 ਤੋਂ ਜਾਰੀ ਕਰੇਗਾ।’ ਕ੍ਰਿਪਟੋ ਮੁਦਰਾ ਵਿੱਚ ਨਿਵੇਸ਼ ‘ਤੇ 30 ਪ੍ਰਤੀਸ਼ਤ ਦੀ ਦਰ ਨਾਲ ਟੈਕਸ ਲਗਾਇਆ ਜਾਵੇਗਾ।

ਵਿੱਤੀ ਘਾਟੇ ਦਾ ਟੀਚਾ 6.4 ਫੀਸਦੀ

ਵਿੱਤੀ ਸਾਲ 2025-26 ਤੱਕ ਵਿੱਤੀ ਘਾਟੇ ਨੂੰ 4.5 ਫੀਸਦੀ ਤੋਂ ਹੇਠਾਂ ਲਿਆਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਸਾਰੇ ਪ੍ਰਭਾਵੀ ਕਦਮ ਚੁੱਕੇ ਜਾਣਗੇ। ਵਿੱਤੀ ਸਾਲ 2022-23 ਲਈ ਵਿੱਤੀ ਘਾਟੇ ਨੂੰ 6.4 ਫੀਸਦੀ ‘ਤੇ ਰੱਖਣ ਦਾ ਟੀਚਾ ਹੈ। ਵਿੱਤੀ ਸਾਲ 2023 ਵਿੱਚ, ਕੁੱਲ ਖਰਚੇ 39.45 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਜਦੋਂ ਕਿ ਉਧਾਰ ਨੂੰ ਛੱਡ ਕੇ ਕੁੱਲ ਆਮਦਨ 22.84 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

ਕਾਰਪੋਰੇਟ ਟੈਕਸ ਦਰ ਵਿੱਚ ਕਟੌਤੀ

ਸਹਿਕਾਰੀ ਸਭਾਵਾਂ ਲਈ ਟੈਕਸ ਦਰ 18 ਫੀਸਦੀ ਘਟਾ ਕੇ 15 ਫੀਸਦੀ ਕਰਨ ਦਾ ਐਲਾਨ ਅਤੇ ਸਰਚਾਰਜ 12 ਫੀਸਦੀ ਤੋਂ ਘਟਾ ਕੇ 7 ਫੀਸਦੀ ਕਰਨ ਦਾ ਪ੍ਰਸਤਾਵ ਹੈ। ਨਾਲ ਹੀ ਆਮਦਨ ਆਧਾਰ ਨੂੰ ਵੀ 1 ਕਰੋੜ ਦੀ ਬਜਾਏ 10 ਕਰੋੜ ਕਰਨ ਦਾ ਐਲਾਨ ਕੀਤਾ ਗਿਆ ਹੈ।

ਜੇਕਰ ITR ਭਰਨ ‘ਚ ਕੋਈ ਗਲਤੀ ਹੁੰਦੀ ਹੈ ਤਾਂ ਉਸ ਨੂੰ ਸੁਧਾਰਨ ਦਾ ਮਿਲੇਗਾ ਮੌਕਾ

ਜਦੋਂ ਇਨਕਮ ਟੈਕਸ ਵਿਭਾਗ ਨੂੰ ਪਤਾ ਚਲਦਾ ਹੈ ਕਿ ਕਿਸੇ ਟੈਕਸ ਦਾਤਾ ਨੇ ਆਈਟੀਆਰ ਨਹੀਂ ਭਰੀ ਹੈ, ਤਾਂ ਲੰਬੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਟੈਕਸ ਭਰਨ ‘ਚ ਹੋਈ ਗਲਤੀ ਨੂੰ ਸੁਧਾਰਨ ਦਾ ਮੌਕਾ ਦਿੱਤਾ ਜਾਵੇਗਾ। ਹੁਣ ਜੇਕਰ ITR ਭਰਨ ‘ਚ ਕੋਈ ਗਲਤੀ ਹੋਈ ਹੈ ਤਾਂ ਦੋ ਸਾਲ ਤੱਕ ਉਸ ਨੂੰ ਠੀਕ ਕਰਨ ਦਾ ਮੌਕਾ ਹੈ।