ਲਟਕਦੇ ਰਹਿ ਗਏ ਕਾਮੇ ਅਤੇ ਕੰਮ…..ਭਾਰਤੀ ਮਾਲਕੀ ਵਾਲੀ ਇਕ ਵੱਡੀ ਕੰਸਟ੍ਰਕਸ਼ਨ ਕੰਪਨੀ ਨੇ ਆਪਣੇ ਦਰਜਨਾਂ ਕਾਮਿਆਂ ਨੂੰ ਭੇਜਿਆ ਸੰਦੇਸ਼ ਅਤੇ ਫਿਰ ਕੰਮ ਬੰਦ…-ਕੰਪਨੀ ਮਾਲਕ ਨੇ ਕਿਹਾ ਕਿ ਉਹ ਓਵਰਸੀਜ਼ ਚਲਾ ਗਿਆ ਹੈ..-ਦਰਜਨਾਂ ਘਰ ਵਿਚ ਵਿਚਾਲੇ ਰੁਕੇ-40-45 ਬੰਦਿਆਂ ਦਾ ਰੁਜ਼ਗਾਰ ਗਿਆ

ਔਕਲੈਂਡ 03 ਫਰਵਰੀ, 2022-ਹਰਜਿੰਦਰ ਸਿੰਘ ਬਸਿਆਲਾ-:-ਔਕਲੈਂਡ ਖੇਤਰ ਦੇ ਵਿਚ ਪਿਛਲੇ 5 ਸਾਲਾਂ ਤੋਂ ਘਰਾਂ ਦੀ ਉਸਾਰੀ ਦੇ ਕੰਮ ਵਿਚ ਮੋਹਰੀ ਬਣੀ ਇਕ ਕੰਪਨੀ ਜੋ ਕਿ ਅਜੇ ਰਜਿਟਰਡ ਚੱਲ ਰਹੀ ਹੈ, ਦੇ ਮਾਲਕ ਨੇ ਇਕੋ ਸੰਦੇਸ਼ ਦੇ ਨਾਲ ਆਪਣੀ ਕੰਪਨੀ ਦਾ ਕੰਮ ਕਾਰ ਬੰਦ ਕਰ ਦਿੱਤਾ ਹੈ। ਇਸ ਕੰਪਨੀ ਵੱਲੋਂ ਇਸ ਵੇਲੇ ਪਾਪਾਟੋਏਟੋਏ, ਫਲੈਟਬੁੱਸ਼ ਅਤੇ ਹੋਰ ਕਈ ਖੇਤਰਾਂ ਦੇ ਵਿਚ ਘਰਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਕੁਝ ਘਰਾਂ ਦੀਆਂ ਛੱਤਾਂ ਪੈ ਚੁੱਕੀਆਂ ਹਨ, ਕੁਝ ਦਾ ਰੰਗ-ਰੋਗ ਰਹਿੰਦਾ ਹੈ ਅਤੇ ਕੁਝ ਦਾ ਕੁਝ ਰਹਿੰਦਾ ਹੈ। ਇਹ ਸਾਰੇ ਕੰਮ ਹੁਣ ਤੁਰੰਤ ਖੜ ਗਏ ਹਨ। ਇਸ ਕੰਪਨੀ ਦੇ ਮਾਲਕ ਨੇ ਆਪਣੇ ਕਾਮਿਆਂ ਨੂੰ ਇਹ ਸੰਦੇਸ਼ ਦਿੱਤਾ ਜਿਸਦਾ ਭਾਵ ਸੀ ਕਿ ‘‘ਮੈਂ ਬੜੇ ਭਰੇ ਮਨ ਨਾਲ ਕਹਿ ਰਿਹਾਂ ਹਾਂ ਕਿ ਮੈਂ ਕੇ.ਬੀ. ਕੰਪਨੀ ਦਾ ਕੰਮ ਬੰਦ ਕਰ ਰਿਹਾ ਹਾਂ, ਇਹ ਫੈਸਲਾ ਲੈਣਾ ਬਹੁਤ ਔਖਾ ਸੀ, ਕੇ. ਬੀ. ਨੂੰ ਮੈਂ ਸਿਫਰ ਤੋਂ ਸ਼ਿਖਰ ਤੱਕ ਲੈ ਕਿ ਗਿਆ ਸੀ ਅਤੇ ਇਹ ਹੁਣ ਮੂੰਧੇ-ਮੂੰਹ ਡਿਗ ਰਹੀ ਹੈ। ਇਹ ਬਹੁਤ ਦੁੱਖਮਈ ਹੈ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਇਹ ਸਾਰਾ ਕਾਰੋਬਾਰ ਚਲਦਾ ਰਹੇ ਪਰ ਸਮਾਂ ਇਸਨੂੰ ਬੰਦ ਕਰਨ ਤੱਕ ਚਲਾ ਗਿਆ ਹੈ। ਸਾਨੂੰ ਕੁਝ ਮੁਸ਼ਕਿਲਾਂ ਕਰਕੇ ਸਾਨੂੰ ਵਿਦੇਸ਼ ਜਾਣਾ ਪੈ ਰਿਹਾ ਹੈ। ਇਹ ਉਹ ਤਰੀਕਾ ਨਹੀਂ ਹੈ, ਜਿਸ ਨਾਲ ਕੰਮ ਬੰਦ ਕੀਤਾ ਜਾਵੇ, ਮੈਂ ਇਸ ਸਾਰੇ ਲਈ ਮਾਫੀ ਮੰਗਦਾ ਹਾਂ।’’

ਇਸ ਕੰਪਨੀ ਦੇ ਵਿਚ 35-40 ਪੰਜਾਬੀ ਮੁੰਡੇ ਵੀ ਕੰਮ ਕਰਦੇ ਸਨ, ਜਿਨ੍ਹਾਂ ਵਿਚੋਂ ਮਨਮੋਹਨ ਸਿੰਘ, ਅਨਮੋਲ ਦੂਆ, ਹਰਦੀਪ, ਰਿਸ਼ਵ, ਆਗਿਆਪਾਲ ਸਿੰਘ, ਜਸਦੀਪ ਸਿੰਘ, ਸਤਿੰਦਰ, ਦੀਪਵਿੰਦਰ ਅਤੇ ਮਲਕੀਤ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣਾ ਪੱਖ ਰੱਖਿਆ ਅਤੇ ਕੰਮ ਬੰਦ ਹੋਣ ਕਾਰਨ ਉਨ੍ਹਾਂ ਦੇ ਜੀਵਨ, ਰੁਜ਼ਗਾਰ ਅਤੇ ਪਰਿਵਾਰ ਉਤੇ ਪੈਣ ਵਾਲੇ ਬੁਰੇ ਪ੍ਰਭਾਵ ਬਾਰੇ ਚਿੰਤਾ ਜ਼ਾਹਿਰ ਕੀਤੀ। ਕੁਝ ਓਪਨ ਵਰਕ ਪਰਮਿਟ ’ਤੇ ਸਨ ਅਤੇ ਕੁਝ ਇੰਸ਼ੈਸ਼ੀਅਲ ਵਰਕ ਵੀਜੇ ਉਤੇ ਸਨ ਅਤੇ ਕਈ ਪੱਕੇ ਵੀ ਇਥੇ ਕੰਮ ਕਰ ਰਹੇ ਸਨ। ਕਈ ਇਥੇ ਪਰਿਵਾਰਾਂ ਵਾਲੇ ਵੀ ਹਨ, ਜਿਨ੍ਹਾਂ ਲਈ ਹੁਣ ਤੁਰੰਤ ਦੂਸਰੀਆਂ ਨੌਕਰੀਆਂ ਲੱਭਣੀਆਂ ਪੈ ਸਕਦੀਆਂ ਹਨ। ਮਾਰਚ ਮਹੀਨੇ ਸ਼ੁਰੂ ਹੋ ਰਹੀ ਰੈਜੀਡੈਂਸੀ ਅਰਜ਼ੀਆਂ ਉਤੇ ਵੀ ਸ਼ਾਇਦ ਇਨ੍ਹਾਂ ਵਿਚੋਂ ਕੁਝ ਮੁੰਡਿਆਂ ਦੀਆਂ ਅਰਜ਼ੀਆਂ ਉਤੇ ਦੁਰ ਪ੍ਰਭਾਵ ਪਵੇ। ਸਾਰੇ ਕਾਮਿਆਂ ਦੀ ਕੁਝ ਹਫਤਿਆਂ ਦੀ ਤਨਖਾਹ ਅਤੇ ਹਾਲੀਡੇਅ ਪੇਅ ਵੀ ਮਿਲਣ ਵਾਲੀ ਹੈ।ਪਤਾ ਲੱਗਾ ਹੈ ਕਿ ਇਸ ਕੰਪਨੀ ਨੇ ਅੱਗੇ ਜੋ ਕੰਮ ਛੋਟੇ ਠੇਕੇਦਾਰਾਂ ਨੂੰ ਵੰਡਿਆ ਹੋਇਆ ਸੀ, ਉਹ ਵੀ ਉਧਾਰ ਦੇ ਚੱਕਰ ਵਿਚ ਆਪਣਾ ਪੈਸਾ ਫਸਿਆ ਮਹਿਸੂਸ ਕਰ ਰਹੇ ਹਨ। ਵੱਡੀਆਂ ਕੰਪਨੀਆਂ ਜਿੱਥੋ ਲੱਕੜ ਅਤੇ ਹੋਰ ਸਾਮਾਨ ਖਰੀਦਿਆ ਜਾ ਰਿਹਾ ਸੀ, ਉਨ੍ਹਾਂ ਦਾ ਪੈਸਾ ਵੀ ਕਿਤੇ ਨਾ ਕਿਤੇ ਫਸਿਆ ਨਜ਼ਰ ਆ ਰਿਹਾ ਹੈ। ਜ਼ਿਆਤਾਦਰ ਘਰ ਡਿਵੈਲਪਰ ਲੋਕਾਂ ਦੇ ਬਣਾਏ ਜਾ ਰਹੇ ਸਨ। ਇਸ ਕੰਪਨੀ ਦੇ ਨਾਂਅ ਉਤੇ ਪਹਿਲਾਂ ਵੀ ਕਈ ਖਬਰਾਂ ਲੱਗ ਚੁੱਕੀਆਂ ਹਨ ਅਤੇ ਲੋਕਾਂ ਨੇ ਬੁਰਾ ਤਜ਼ਰਬਾ ਲਿਖਿਆ ਹੈ।ਇਸ ਕੰਪਨੀ ਨਾਲ ਜੁੜੇ ਇਕ ਲਾਇਸੰਸ ਧਾਰਕ ਬਿਲਡਰ ਨੇ ਦੱਸਿਆ ਕਿ ਉਸਦੇ ਵੀ ਪੈਸੇ ਕੰਪਨੀ ਵੱਲ ਬਕਾਇਆ ਹਨ ਅਤੇ ਉਸਨੂੰ ਵੀ ਉਮੀਦ ਨਹੀਂ ਹੈ ਕਿ ਉਹ ਪੈਸੇ ਹੁਣ ਮਿਲਣਗੇ।